Monday, August 16, 2010

ਬਈ ਛੇਤੀ ਹੱਥ ਨੀ ਆਉਂਦਾ ਧੱਕੜ ਧਾਵੀ ਦੁੱਲਾ ਸੁਰਖਪੁਰੀਆ


ਬਈ ਛੇਤੀ ਹੱਥ ਨੀ ਆਉਂਦਾ ਧੱਕੜ ਧਾਵੀ ਦੁੱਲਾ ਸੁਰਖਪੁਰੀਆ

ਕਪੂਰਥਲਾ ਤੋਂ ਤਕਰੀਬਨ 10-12 ਕਿਲੋਮੀਟਰ ਦੀ ਦੂਰੀ 'ਤੇ ਵਸਦੇ ਪਿੰਡ ਸੁਰਖਪੁਰ ਦੇ ਸ੍ਰ: ਤੇਜਾ ਸਿੰਘ ਨੰਬਰਦਾਰ ਤੇ ਮਾਤਾ ਸ਼੍ਰੀਮਤੀ ਪ੍ਰਕਾਸ਼ ਕੌਰ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਉਨਦਾ ਪੁੱਤ ਦਵਿੰਦਰਜੀਤ ਸਿੰਘ ਇਕ ਦਿਨ ਮਾਂ ਖੇਡ ਕਬੱਡੀ ਦਾ ਦੁੱਲਾ ਪੁੱਤ ਬਣੇਗਾ । ਦੇਸ਼ਾਂ-ਵਿਦੇਸ਼ਾਂ ਦੀਆਂ ਗਰਾਊਂਡਾਂ ਵਿਚ ਧੁੰਮਾਂ ਪਾਵੇਗਾ । ਮਾਪਿਆਂ ਦਾ ਦਵਿੰਦਰਜੀਤ ਸਿੰਘ ਅੱਜ ਕਬੱਡੀ ਦੇ ਬੱਬਰ ਸ਼ੇਰਾਂ ਵਿਚ ਦੁੱਲਾ ਸੁਰਖਪੁਰੀਆਂ ਦੇ ਇਕ ਵੱਡੇ ਨਾਂਅ ਨਾਲ ਜਾਣਿਆਂ ਜਾਂਦਾ ਹੈ ਕੋਈ ਅਜਿਹਾ ਖੇਡ ਪ੍ਰੇਮੀ ਨਹੀਂ ਹੈ ਜਿਸ ਨੇ ਦੁੱਲੇ ਦੀ ਗੇਮ ਦੇਖ ਕੇ ਇਹ ਨਹੀਂ ਕਿਹਾ ਵਾਹ ਓ ਦੁੱਲਿਆ ਖੁਸ਼ ਕੀਤਾ .. .. ਤੇਰਾ ਨਹੀਂ ਓ ਮੁਕਾਬਲਾ ਸ਼ੇਰ ਪੁੱਤਰਾ .. .. .. । ਜੇ ਕਿਸੇ ਨੇ ਉਸਦੀ ਖੇਡ ਨਹੀਂ ਦੇਖੀ ਤਾਂ ਉਹ ਕਬੱਡੀ ਖੇਡ ਤੋਂ ਬਿਲਕੁਲ ਕੋਰਾ ਹੈ। ਉਸਨੂੰ ਖੇਡ ਪ੍ਰੇਮੀ ਕਹਾਉਣ ਦਾ ਕੋਈ ਹੱਕ ਨਹੀਂ .. .. । ਦੋ ਭਰਾ ਤੇ ਤਿੰਨ ਭੈਣਾਂ ਦੇ ਇਸ ਪਿਆਰੇ ਵੀਰ ਦਾ ਜਨਮ 13 ਨਵੰਬਰ 1978 ਨੂੰ ਹੋਇਆ । ਪਿੰਡ ਸੁਰਖਪੁਰ ਮਹਾਨ ਸ਼ਹੀਦ ਸ੍ਰ: ਪਰਮਜੀਤ ਸਿੰਘ ਫ਼ੌਜੀ ਕੌਮੀ ਪ੍ਰਵਾਨਿਆ ਦਾ ਪਿੰਡ ਹੈ । ਮੰਗੀ ਸੁਰਖਪੁਰ, ਗਾਂਧੀ ਤੇ ਮਹਿੰਦਰ ਵਰਗੇ ਅੰਤਰ ਰਾਸ਼ਟਰੀ ਖਿਡਾਰੀ ਇਸ ਪਿੰਡ ਦੀ ਹੀ ਦੇਣ ਹਨ ਤੇ ਇਸ ਧਰਤੀ 'ਤੇ ਹੀ ਜੰਮਿਆਂ ਅੱਜ ਦਾ ਸਟਾਰ ਖਿਡਾਰੀ ਦੁੱਲਾ ਸੁਰਖਪੁਰੀਆ।

ਦੁੱਲੇ ਨੇ ਮੁੱਢਲੀ ਪੜਾਈ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ । ਘਰਦਿਆਂ ਵੱਲੋਂ ਮਿਲੀ ਖੁੱਲੀ ਡੁੱਲੀ ਖੁਰਾਕ ਨੇ ਇਸ ਸ਼ੇਰ ਪੁੱਤ ਨੂੰ ਦਿਨਾਂ ਵਿਚ ਹੀ ਗੱਭਰੂ ਬਣਾ ਦਿੱਤਾ । ਜਦੋਂ ਪਿੰਡ ਦੇ ਖਿਡਾਰੀ ਮੰਗੀ ਗਾਂਧੀ ਤੇ ਮਹਿੰਦਰ ਨੂੰ ਖੇਡਦਿਆਂ ਵੇਖਦਾ ਤਾਂ ਉਸ ਦਾ ਵੀ ਜੀ ਕਰਦਾ ਕਿ ਉਹ ਵੀ ਕੌਡੀ ਖੇਡੇ ਤੇ ਉਹਨਾਂ ਵਰਗਾ ਬਣੇ । ਬੱਸ ਫਿਰ ਕੀ ਸੀ ਦਿਲ ਵਿਚ ਧਾਰ ਲਈ 'ਤੇ ਲਾਹ ਸੁੱਟੇ ਕੱਪੜੇ ਪਾ ਕੇ ਨੀਕਰ, ਬੰਨ ਕੇ ਲਗੌਟਾ ਵੜ• ਗਿਆ ਗਰਾਂਊਂਡ ਵਿਚ । ਸਭ ਤੋਂ ਪਹਿਲਾ ਮੈਚ 40 ਕਿਲੋ ਭਾਰ ਦੀ ਟੀਮ ਵਿਚ ਆਪਣੇ ਹੀ ਪਿੰਡ ਖੇਡਿਆ ਤੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ। ਵੇਖਦੇ ਹੀ ਵੇਖਦੇ ਦੁੱਲਾ ਸੁਰਖਪੁਰੀਆ ਇਕ ਵਧੀਆ ਖਿਡਾਰੀ ਬਣ ਗਿਆ। ਫਿਰ ਉਹ ਪਿੰਡ ਦੀ ਟੀਮ ਵਿਚ ਹੀ ਪਿੰਡ ਵਾਰ ਖੇਡਣ ਲੱਗ ਪਿਆ । ਦੂਰ ਦੂਰ ਤੱਕ ਦੁੱਲੇ ਦੀਆਂ ਗੱਲਾਂ ਹੁੰਦੀਆਂ, ਮਾਰ ਕੇ ਪੱਟ 'ਤੇ ਥਾਪੀ ਜਦੋਂ ਪਾਉਂਦਾ ਰੇਡ ਤੇ ਪਾ ਦਿੰਦਾ ਵਿਰੋਧੀਆਂ ਦੀ ਟੀਮ ਦੇ 4 ਜਾਫ਼ੀਆਂ ਨੂੰ ਭਾਜੜਾਂ । ਕਿਸੇ ਦਾ ਜੀਅ ਨਾ ਕਰਦਾ ਉਸ ਨੂੰ ਫੜਨ ਨੂੰ । ਦੁੱਲਾ-ਦੁੱਲਾ ਹੁੰਦੀ ਪਈ ਆ ਕਬੱਡੀ ਕੱਪਾਂ ਵਿਚ। 1997 ਵਿਚ ਦੁੱਲਾ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਕਪੂਰਥਲਾ ਦੀ ਟੀਮ ਦਾ ਸ਼ਿੰਗਾਰ ਬਣ ਗਿਆ ਅਤੇ ਹਰ ਸ਼ੋਅ ਮੈਚ ਵਿਚ ਦੁੱਲਾ ਆਪਣੀ ਖੇਡ ਦੀਆਂ ਗੱਲਾਂ ਕਰਵਾ ਦਿੰਦਾ । ਦੁੱਲਾ ਪੰਜਾਬ ਦੇ ਕਬੱਡੀ ਕੱਪਾਂ ਵਿਚ ਧੁੰਮਾਂ ਪਾਉਂਦਾ ਨਜ਼ਰ ਆਉਂਦਾ । ਲੋਕ ਦੁੱਲੇ ਦੀ ਖੇਡ ਦੇ ਆਸ਼ਕ ਬਣ ਗਏ । 1999 ਵਿਚ ਦੁੱਲਾ ਪਹਿਲੀ ਵਾਰ ਇੰਗਲੈਂਡ ਸਿੰਘ ਸਭਾ ਕਲੱਬ ਸਾਊਥਹਾਲ ਵਿਖੇ ਖੇਡਿਆ ਤੇ ਉਸ ਤੋਂ ਬਾਅਦ ਲਗਾਤਾਰ ਵਿਦੇਸ਼ਾਂ ਵਿਚ ਖੇਡ ਰਿਹਾ ਹੈ । ਉਹ ਕਿੰਨੀ ਵਾਰ ਬਿਸਟ ਚੁਣਿਆਂ ਗਿਆ ਇਸ ਦਾ ਚੇਤਾ ਤਾਂ ਦੁੱਲੇ ਨੂੰ ਵੀ ਨਹੀਂ ਹੈ । 2000 ਵਿਚ ਇੰਗਲੈਂਡ ਦੀ ਧਰਤੀ 'ਤੇ ਸ਼ਾਂਨਦਾਰ ਕਬੱਡੀਆਂ ਪਾ ਕੇ ਦੁੱਲਾ ਬੈਸਟ ਰੇਡਰ ਬਣਿਆ ਤੇ ਉਸ ਨੂੰ ਗੋਲਡ ਮੈਡਿਲ ਨਾਲ ਸਨਮਾਨਿਤ ਕੀਤਾ ਗਿਆ । ਫਿਰ ਹਕੀਮਪੁਰੇ ਬਿਸਟ ਹੋਣ 'ਤੇ ਇੱਕ ਸਕੂਟਰ ਨਾਲ ਇਸ ਸ਼ੇਰ ਦਾ ਸਨਮਾਨ ਕੀਤਾ ਗਿਆ । 2002 ਵਿਚ ਪਿੰਡ ਵਿਖੇ ਹੀ ਉਸ ਦਾ ਸਕੂਟਰ ਨਾਲ ਸਨਮਾਨ ਕੀਤਾ ਗਿਆ ਤੇ 2002 ਵਿਚ ਹੀ ਹਰਜੀਤ ਬਰਾੜ ਦੀ ਯਾਦ ਵਿਚ ਪਿੰਡ ਬਾਜਾਖਾਨਾ ਵਿਖੇ ਹੋਏ ਕਬੱਡੀ ਕੱਪ 'ਤੇ ਵੀ ਦੁੱਲੇ ਨੇ ਧੁੰਮਾਂ ਪਾਈਆਂ ਤੇ ਉਸਨੂੰ ਗੋਲਡ ਮੈਡਿਲ ਨਾਲ ਸਨਮਾਨਿਤ ਕੀਤਾ ਗਿਆ । ਅੱਜ ਦੁੱਲਾ ਕਬੱਡੀ ਦਾ ਅੰਤਰ ਰਾਸ਼ਟਰੀ ਖਿਡਾਰੀ ਹੈ । ਦੁਨੀਆਂ ਮੰਨਦੀ ਆ ਦੁੱਲੇ ਦੀ ਗੇਮ ਨੂੰ । ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵੱਲੋਂ ਖੇਡਦਿਆਂ ਦੁੱਲੇ ਨੇ ਕੋਈ ਅਜਿਹਾ ਕਬੱਡੀ ਕੱਪ ਨਹੀਂ ਜੋ ਨਾ ਜਿੱਤਿਆ ਹੋਵੇ ਤੇ ਅੱਜ ਕੱਲ  ਉਹ ਮੀਰੀ-ਪੀਰੀ ਕਬੱਡੀ ਕਲੱਬ ਕਪੂਰਥਲਾ ਵੱਲੋਂ ਖੇਡ ਰਿਹਾ ਹੈ । ਸਾਂਤ ਜੇ ਸੁਭਾਅ ਵਾਲਾ ਇਹ ਗੱਭਰੂ ਮੈਦਾਨ ਅੰਦਰ ਵੀ ਬੜੇ ਸ਼ਾਂਤ ਜੇ ਸੁਭਾਅ ਨਾਲ ਖੇਡਦਾ ਹੈ । ਉਝ ਲਿਆ ਦਿੰਦਾ ਹੈ ਹਨੇਰੀਆਂ .. .. ਕੋਈ ਤਕੜੇ ਜਿਗਰੇ ਵਾਲਾ ਹੀ ਜਾਫ਼ੀ ਦੁੱਲੇ ਅੱਗੇ ਖੜਨ ਦਾ ਜੇਰਾ ਕਰਦਾ ਹੈ। ਕਾਫ਼ੀ ਲੰਬੇ ਸਮੇਂ ਤੋਂ ਦੁੱਲਾ ਸੁਰਖਪੁਰੀਆ ਕਬੱਡੀ ਦੇ ਮੈਦਾਨਾਂ ਅੰਦਰ ਬੱਬਰ ਸ਼ੇਰ ਵਾਂਗ ਗਰਜਦਾ ਆ ਰਿਹਾ ਹੈ । ਆਪਣੀਆਂ ਸ਼ਾਂਨਦਾਰ ਕਬੱਡੀਆਂ ਪਾਉਣ ਸਦਕਾ ਉਹ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਅਣਗਿਣਤ ਵਾਰ ਬਿਸਟ ਰੇਡਰ ਦਾ ਮਾਣ ਹਾਸਿਲ ਕਰ ਰਿਹਾ ਹੈ । ਕਬੱਡੀ ਦੇ ਬੇਤਾਜ਼ ਬਾਦਸ਼ਾਹ ਹਰਜੀਤ ਬਾਜਾਖਾਨਾ ਨਾਲ ਵੀ ਉਹ ਕੁਝ ਮੈਚ ਖੇਡਿਆ ਤੇ ਕੁਝ ਸ਼ੋਅ ਮੈਚ ਹਰਜੀਤ ਦੇ ਵਿਰੁੱਧ ਵੀ ਖੇਡਿਆ । 2008 ਦਾ ਕੈਨੇਡਾ ਵਿਚ ਦੁੱਲਾ ਸੁਰਖਪੁਰੀਆ ਬਿਸਟ ਰਿਹਾ ਸੀ । 3 ਅਗਸਤ 2008 ਨੂੰ ਕੈਲਗਿਰੀ ਦੀ ਧਰਤੀ 'ਤੇ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਵੱਲੋਂ ਕਬੱਡੀ ਕੱਪ ਕਰਵਾਇਆ ਗਿਆ ਸੀ। ਦਰਸ਼ਕਾਂ ਦਾ ਠਾਠਾ ਮਾਰਦਾ ਇਕੱਠ ਸੀ । ਪ੍ਰਸਿੱਧ ਟੀਮਾਂ ਖੇਡਣ ਆਈਆਂ । ਫਾਇਨਲ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਬੱਡੀ ਕਲੱਬ ਅਤੇ ਯੰਗ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਹੋਇਆ ਸੀ । ਯੰਗ ਕਲੱਬ ਵੱਲੋਂ ਦੁਨੀਆਂ ਦਾ ਸੁਪਰ ਸਟਾਰ ਦੁੱਲਾ ਖੇਡ ਰਿਹਾ ਸੀ । ਆਉ ਤੁਹਾਨੂੰ ਕੈਲਗਿਰੀ ਦੇ ਮੈਦਾਨ ਅੰਦਰ ਲੈ ਚੱਲਦੇ ਹਾਂ ਤੇ ਵੇਖਦੇਂ ਆਂ ਕਿਵੇਂ ਭਿੜਦੇ ਆ ਇਹ ਸਾਨਾਂ ਵਰਗੇ ਖਿਡਾਰੀ । ਕੈਲਗਿਰੀ ਵੱਲੋਂ ਪ੍ਰਸਿੱਧ ਰੇਡਰ ਸੁਖਵੀਰ ਸਰਾਵਾਂ ਵਰਗੇ ਸਾਨ ਖੇਡ ਰਹੇ ਸਨ । ਅੋਹ ਆ ਪੰਜਾਬ ਦੇ ਸ਼ੇਰ ਪੁੱਤ .. .. ਇਹਨਾਂ ਨੇ ਅੱਜ ਰਚਨਾ ਕੈਲਗਿਰੀ ਦੇ ਮੈਦਾਨ ਅੰਦਰ ਇਤਿਹਾਸ.. .. .. ਫਿਰਦੇ ਆ ਵਰਅਮੱਪ ਹੁੰਦੇ .. . ਮਾਸ ਨਾਲ ਗੁੰਦੇ ਆ ਸਰੀਰ .. .. .. ਭੋਰਾ ਵੀ ਮਾਸ ਨਹੀ ਦਿਸਦਾ ਵਾਧੂ ਕਿਤੇ.. .. ਲੋਹੜੇ ਦੀ ਜਾਨ ਆ ਇਹਨਾਂ ਸਰੀਰਾਂ ਵਿਚ.. .. . ਬਚਾਈ ਊਏ ਮਾਲਕਾਂ ਇਹਨਾਂ ਹੀਰੇ ਪੁੱਤਾਂ ਨੂੰ ਬੁਰੀਆਂ ਨਜ਼ਰਾਂ ਤੋਂ .. .. .. ਗਲਾਂ 'ਚ ਤਵੀਤੜੀਆਂ .. .. ਹੋ ਗਿਆ ਮੈਚ ਸ਼ੁਰੂ ਇਕ ਪਾਸੇ ਯੰਗ ਕਬੱਡੀ ਕਲੱਬ ਤੇ ਦੂਜੇ ਪਾਸੇ ਕੈਲਗਿਰੀ ਦੀ ਟੀਮ । ਦਰਸ਼ਕੋ ਟੇਕਿਆ ਮੱਥਾ ਦੁੱਲੇ ਸੁਰਖਪੁਰੀਏ ਨੇ ਧਿਆਇਆ ਸ਼ੇਰ ਨੇ ਰੱਬ ਨੂੰ .. ..ਅਖੇ

ਮੱਥਾ ਟੇਕਿਆ ਦੁੱਲੇ ਨੇ ਹੱਥ ਜੋੜੇ।

ਵੇਖੋ ਲੱਗਿਆ ਰੱਬ ਧਿਆਉਣ ਲੋਕੋ।

ਮਾਰੋ ਤਾੜੀਆਂ ਦੁੱਲੇ ਨੂੰ ਦਿਉ ਥਾਪੀ।

ਤੇ ਧਾਵੀ ਚੱਲਿਆ ਕਬੱਡੀਆਂ ਪਾਉਣ ਲੋਕੋ।

ਸਾਡੀ ਮਿੱਟੀ ਪੰਜਾਬ ਦੀ ਚੋਂ ਜੰਮਿਆਂ ਇਹ ਸ਼ੇਰ ਪੁੱਤ।

ਕਿਵੇਂ ਝੁਕਜੂ ਪੰਜਾਬ ਦੀ ਧੌਣ ਲੋਕੋ ।

ਅੋਹ ਮਾਰੀ ਆ ਪੱਟ 'ਤੇ ਥਾਪੀ.. .. .. ਕੋਡੀ, ਕੋਡੀ, ਕੋਡੀ ਕਰਦਾ ਜਾ ਵੜਿਆ ਵਿਰੋਧੀ ਘਰ ਅੰਦਰ.. .. ਮੂਹਰੇ ਵੀ ਧੱਕੜ ਜਾਫ਼ੀ ਆ ਕੋਡੀ, ਕੋਡੀ, ਕੋਡੀ.. .. ਵੇਖੋ ਕੀ ਬਣਦਾ । ਮੇਰਾ ਨਰਮ ਕਾਲਜਾ ਡੋਲੋ, ਰੋਕ ਲੋ ਦਰਸ਼ਕੋ ਸਾਹ.. .. ਫਿਰਦਾ ਮਾਂ ਖੇਡ ਕਬੱਡੀ ਦਾ ਲਾਡਲਾ ਪੁੱਤ ਕੈਲਗਿਰੀ ਦੇ ਮੈਦਾਨ ਅੰਦਰ ਜਾਫ਼ੀਆਂ ਨੂੰ ਮੁਹਰੇ ਲਾਈ.. .. .. ਉਹ ਲਾ ਤਾ ਟੱਚ, ਨਹੀਂ ਵੀ ਰੁਕਦਾ ਕਿਸੇ ਤੋਂ.. .. ..ਹੋ ਜੋ ਪਾਸੇ.. .. ਮਾਰੀ ਪੱਟ 'ਤੇ ਥਾਪੀ .. .. .. ਤੇ ਲੈ ਗਿਆ ਢੇਡ ਅੰਕ ਆਪਣੀ ਟੀਮ ਦੇ ਲਈ. .. ਦੂਜੇ ਪਾਸੇ ਦੁੱਲਾ ਦੀ ਟੀਮ ਵਿਚ ਖੇਡ ਰਿਹਾ ਕਬੱਡੀ ਦਾ ਸਟਾਰ ਜਾਫ਼ੀ ਬਿੱਟੂ ਦੁਗਾਲ ਤੇ ਕੈਲਗਿਰੀ ਵੱਲੋਂ ਪਾਈ ਗਈ ਕਬੱਡੀ ਸੁਖਵੀਰ ਸਰਾਵਾਂ ਨੇ.. .. ਅੱਗੇ ਵੇਖੋ ਕੀ ਬਣਦਾ.. .. ਅੋਹ ਪੈ ਗਿਆ ਪੇਚਾ ਬਿੱਟੂ ਦੁਗਾਲ ਨਾਲ.. .. ਗੁਜਿਆਂ ਮੈਦਾਨ ਤਾੜੀਆਂ ਨਾਲ .. ..ਉਹ ਲਾ ਤਾ ਜੱਫ਼ਾ ਸੁਖਵੀਰ ਦੀ ਪਹਿਲੀ ਰੇਡ 'ਤੇ ਹੀ ਬਿੱਟੂ ਦੂਗਾਲ ਨੇ .. .. ਇਸ ਤਰ੍ਹਾਂ ਦੁੱਲੇ ਸੂਰਖਪੁਰੀਏ ਨੇ 9 ਕਬੱਡੀਆਂ ਪਾਈਆਂ ਤੇ ਸਾਢੇ ਨੌ ਅੰਕ ਪ੍ਰਾਪਤ ਕੀਤੇ । ਬਿੱਟੂ ਦੁਗਾਲ ਨੇ 7 ਜੱਫ਼ੇ ਲਗਾਏ । ਦੁੱਲੇ ਨੂੰ ਕੋਈ ਵੀ ਜਾਫ਼ੀ ਰੋਕ ਨਹੀਂ ਸਕਿਆ। 15 ਦੇ ਮੁਕਾਬਲੇ ਸਾਢੇ 34 ਅੰਕ ਪ੍ਰਾਪਤ ਕਰਕੇ ਕੈਲਗਿਰੀ ਕਬੱਡੀ ਕੱਪ ਦੁੱਲੇ ਦੀ ਟੀਮ ਨੇ ਪ੍ਰਾਪਤ ਕਰ ਲਿਆ । ਦੁੱਲਾ ਕੈਨੇਡਾ ਦੇ ਕਬੱਡੀ ਸੀਜਨ 2008 ਦਾ ਵਧੀਆਂ ਧਾਵੀ ਬਣ ਗਿਆ । 2 ਅਗਸਤ ਨੂੰ ਉਹ ਐਡਮਿਟਨ ਤੇ 3 ਅਗਸਤ ਕੈਲਗਿਰੀ ਤੇ 17 ਅਗਸਤ ਸਰੀ, 23 ਅਗਸਤ ਸਰੀ, 6 ਸਤੰਬਰ ਸਰੀ ਵਰਗੇ ਵੱਡੇ ਵੱਡੇ ਕਬੱਡੀ ਕੱਪਾਂ 'ਤੇ ਲਗਾਤਾਰ 5 ਵਾਰ ਬਿਸਟ ਧਾਵੀ ਵੱਜੋਂ ਸਨਮਾਨਿਤ ਕੀਤਾ ਗਿਆ । ਚੌਥੇ ਯੂ.ਕੇ. ਗੋਲਡ ਕਬੱਡੀ ਕੱਪ 'ਤੇ ਸ਼ਾਂਨਦਾਰ ਕਬੱਡੀਆਂ ਪਾ ਕੇ ਬਿਸਟ ਰੇਡਰ ਦਾ ਖਿਤਾਬ ਦੁੱਲੇ ਨੇ ਜਿੱਤਿਆ । 07 ਵਿਚ ਧਾਲੀਵਾਲ ਬੇਟ ਵਿਖੇ ਇਸ ਸੀਹਣੀ ਮਾਂ ਦੇ ਜਾਏ ਦਾ ਬੁਲਟ ਮੋਟਰ ਸਾਇਕਲ ਨਾਲ ਸਨਮਾਨ ਕੀਤਾ ਗਿਆ । ਕਪੂਰਥਲੇ ਦੇ ਕਬੱਡੀ ਕੱਪ 'ਤੇ ਵੀ ਦੁੱਲੇ ਨੇ ਸ਼ਾਂਨਦਾਰ ਕਬੱਡੀਆਂ ਪਾ ਕੇ ਬਿਸਟ ਧਾਵੀ ਵਜੋਂ ਇਨਾਮ ਵਿਚ ਮੋਟਰ ਸਾਇਕਲ ਜਿੱਤਿਆ । ਖੁਲੀਆਂ ਖੁਰਾਕਾਂ ਖਾ ਕੇ ਲਾ ਕੇ ਮਿਹਨਤਾਂ ਕਮਾਏ ਨੇ ਸਰੀਰ ਇਹਨਾਂ ਦੁੱਲੇ ਪੁੱਤਾਂ ਨੇ । ਅੱਜ ਮਾਂ ਖੇਡ ਕਬੱਡੀ ਨੂੰ ਮਾਣ ਆ ਆਪਣੇ ਪੁੱਤਰਾਂ 'ਤੇ .. .. .. ਤੇ ਦੁੱਲੇ ਵਰਗੇ ਸਟਾਰ ਖਿਡਾਰੀ ਸਾਡੀ ਮਾਂ ਖੇਡ ਕਬੱਡੀ ਦੀ ਸ਼ਾਂਨ ਹਨ, ਇੱਜ਼ਤ ਹਨ, ਮਾਣ ਹਨ ਤੇ ਮਾਣ ਹੈ ਸਾਡੇ ਸਮੁੱਚੇ ਪੰਜਾਬੀ ਵੀਰਾਂ ਨੂੰ ਦੁੱਲੇ ਵਰਗੇ ਸ਼ੇਰਾਂ 'ਤੇ ਜਿੰਹਨਾਂ ਨੇ ਲੰਬਾ ਸਮਾਂ ਸੰਘਰਸ਼ ਕਰਕੇ ਖੇਡ ਮੈਦਾਨਾਂ ਅੰਦਰ ਇਕ ਵੱਖਰਾਂ ਹੀ ਇਤਿਹਾਸ ਸਿਰਜਿਆ ਹੈ, ਜਿੱਤ ਦੇ ਝੰਡੇ ਗੱਡੇ ਹਨ ।



ਲੇਖਕ : ਜਗਦੇਵ ਬਰਾੜ

No comments:

Post a Comment