Monday, August 23, 2010

ਦੇਸ਼ਾਂ-ਵਿਦੇਸ਼ਾਂ ਦੀ ਧਰਤੀ 'ਤੇ ਧੁੰਮਾਂ ਪਾਉਣ ਵਾਲਾ ਕਬੱਡੀ ਦਾ ਧੱਕੜ ਰੇਡਰ : ਜੱਸ ਗਗੜਾ

***************************************************************



ਪਿੱਛੇ ਜਿਹੇ ਇੱਕ ਚੈਨਲ 'ਤੇ ਇਕ ਪੰਜਾਬੀ ਗੀਤ ਚੱਲ ਰਿਹਾ ਸੀ 'ਸ਼ੌਂਕ ਨਾਲ ਖੇਡਣਾਂ ਤਾਂ ਖੇਡਾਂ ਬੜੀਆਂ ਪਰ ਮਿੱਤਰੋ ਕਬੱਡੀ ਲਈ ਜਾਣ ਚਾਹੀਦੀ''। ਇਹ ਸਤਰਾਂ ਬੜੀਆਂ ਪ੍ਰਭਾਵਸ਼ਾਲੀ ਨੇ, ਸੱਚੀ ਗੱਲ ਆ ਜਾਨ ਚਾਹੀਦੀ ਏ, ਦਿਲ ਚਾਹੀਦਾ ਹੈ, ਜਣਾ ਖਣਾ ਤਾਂ ਕੱਪੜੇ ਉਤਾਰ ਕੇ ਗਰਾਂਊਂਡ ਵਿਚ ਵੀ ਨਹੀਂ ਵੜ ਸਕਦਾ ਜਦੋਂ ਸਾਰਾ ਸੰਸਾਰ ਸੁੱਤਾ ਪਿਆ ਹੁੰਦਾ, ਇਹ ਮਾਵਾਂ ਜਾਏ ਸੂਰਮੇ ਪੁੱਤਰ ਗਰਾਂਊਂਡਾਂ ਵਿਚ ਹੁੰਦੇ ਆ। ਸਾਡੀ ਮਾਂ ਖੇਡ ਕਬੱਡੀ ਅੱਜ ਪਰਵਾਸੀ ਵੀਰਾਂ ਕਰਕੇ ਬਚੀ ਹੋਈ ਆ। ਸਰਕਾਰਾਂ ਨੇ ਤਾਂ ਬਿਲਕੁਲ ਵੀ ਸਾਡੀ ਮਾਂ ਖੇਡ ਕਬੱਡੀ ਦਾ ਹਾਲ ਵੀ ਨਹੀਂ ਪੁੱਛਿਆ। ਸਿਆਸੀ ਬੰਦੇ ਆਉਂਦੇ ਆ ਟੂਰਨਾਂਮੈਂਟਾਂ 'ਤੇ ਅਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਫਿਰ ਤੂ ਕੌਣ ਤੇ ਮੈਂ ਕੌਣ। ਜਦੋਂ ਆ ਕ੍ਰਿਕਟ ਵਾਲੇ ਜਿੱਤ ਕੇ ਆਉਂਦੇ ਆ ਤਾਂ ਸਾਰੇ ਜਸ਼ਨ ਮਨਾਂਉਂਦੇ ਆ। ਪਰ ਸਾਡੀ ਮਾਂ ਜਾਈ ਖੇਡ ਦੇ ਹੀਰੇ ਕਿਉਂ ਅੱਖੋਂ ਉਹਲੇ ਕੀਤੇ ਜਾਂਦੇ ਆ.. ''ਸੋ ਹੱਥ ਰੱਸਾ ਸਿਰੇ 'ਤੇ ਗੰਡ'' ਵਾਲੀ ਗੱਲ ਆ। ਅੱਜ ਪਰਵਾਸੀ ਵੀਰੋ ਤੁਹਾਡੇ ਕਰਕੇ ਮਾਂ ਖੇਡ ਕਬੱਡੀ ਦੀ ਇੱਜ਼ਤ ਬਚੀ ਹੋਈ ਆ। ਵੱਡੇ-ਵੱਡੇ ਕੱਪ ਤੁਸੀਂ ਪੰਜਾਬ ਦੇ ਪਿੰਡਾਂ-ਪਿੰਡਾਂ ਵਿੱਚ ਕਰਵਾ ਕੇ ਨਵੇਂ ਮੁੰਡਿਆਂ ਨੂੰ ਵੀ ਉਤਸ਼ਾਹਿਤ ਕਰਦੇ ਹੋ। ਅਸੀਂ ਅੱਜ ਧੱਕੜ ਰੇਡਰ ਜੱਸ ਗਗੜਾ ਬਾਰੇ ਚਾਨਣਾ ਪਾਵਾਂਗੇ। ਜੱਸ ਗਗੜਾ ਉਹ ਖਿਡਾਰੀ ਆ ਜਿਸ ਨੂੰ ਬੇਸ਼ੱਕ ਕਬੱਡੀ ਦਾ ਸ਼ੌਂਕ ਤਾਂ ਸਕੂਲ ਟਾਈਮ ਤੋਂ ਹੀ ਸੀ, ਪਰ ਅਸਲੀ ਖੇਡ ਦੀ ਸ਼ੁਰੂਆਤ ਉਸਨੇ ਪਿੰਡ ਵਾਰ ਖੇਡਦਿਆਂ ਕੀਤੀ। ਅੱਜ ਇਸ ਸੀਹਣੀ ਮਾਂ ਦੇ ਜਾਏ ਬੱਬਰ ਸ਼ੇਰ ਪੁੱਤਰ ਜੱਸ ਗਗੜਾ ਦਾ ਉਸ ਦੀ ਕਰੜੀ ਮਿਹਨਤ ਲੰਮਾ ਸੰਘਰਸ਼ ਕਰਕੇ ਗਰਾਂਉਂਡਾਂ ਵਿਚ ਉਸਦਾ ਨਾਂਅ ਗੂੰਜਦਾ ਏ। ਭਾਵੇਂ ਉਹ ਗਰਾਂਊਂਡ ਪੰਜਾਬ ਦੀ ਧਰਤੀ 'ਤੇ ਹੋਵੇ ਜਾਂ ਵਿਦੇਸ਼ੀ ਧਰਤੀ ਤੇ, ਗੱਲਾਂ ਹੁੰਦੀਆਂ ਇਸ ਸ਼ੇਰ ਦੀਆਂ। ਮੋਗਾ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਤਲਵੰਡੀ ਨੌ ਬਹਾਰ ਦੇ ਵਸਨੀਕ ਬਲਵੰਤ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪੈਦਾ ਹੋਇਆ ਜਸਵਿੰਦਰ ਸਿੰਘ ਸੰਧੂ ਖੇਡ ਮੇਲਿਆਂ ਵਿੱਚ ਜੱਸ ਗਗੜਾ ਦੇ ਨਾਂਅ ਨਾਲ ਪ੍ਰਸਿੱਧ ਹੋ ਗਿਆ। ਪਿੰਡ ਵਾਰ ਦੇ ਮੈਚ ਪਿੰਡ ਗਗੜਾ ਦੀ ਟੀਮ ਵੱਲੋਂ ਖੇਡਣੇ ਸ਼ੁਰੂ ਕੀਤੇ। ਜਿਸ ਕਰਕੇ ਉਸਦੇ ਨਾਂਅ ਨਾਲ ਗਗੜਾ ਪੱਕੇ ਤੌਰ 'ਤੇ ਜੁੜ ਗਿਆ । ਜੱਸ ਦਾ ਚਾਚਾ ਰਛਪਾਲ ਸਿੰਘ ਭੁੱਟੋ ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ ਸੀ। ਉਹ ਵੀ ਗਗੜਾ ਪਿੰਡ ਦੀ ਟੀਮ ਵਿਚ ਖੇਡਦਾ ਸੀ। ਸ਼ੁਰੂ ਵੇਲੇ ਜੱਸ ਨੇ ਕਬੱਡੀ ਖਿਡਾਰੀ ਤੇ ਕੋਚ ਜਸਵੰਤ ਸਿੰਘ ਫ਼ੌਜੀ ਤੋਂ ਕਬੱਡੀ ਦੇ ਦਾਅ ਪੇਚ ਸਿੱਖੇ। ਮੁੱਢਲੀ ਪੜ•ਾਈ ਤੋਂ ਬਾਅਦ ਜੱਸ ਨੇ ਮੋਗੇ ਗੁਰੂ ਨਾਨਕ ਕਾਲਜ ਵਿਚ +1 ਵਿਚ ਦਾਖ਼ਲਾ ਲਿਆ, ਉੱਥੇ ਉਸਨੇ ਇੰਟਰ ਕਾਲਜ ਦੇ ਮੈਚ, ਚੰਡੀਗੜ• ਯੂਨੀਵਰਸਿਟੀ ਦੇ ਮੈਚ ਖੇਡੇ ਤੇ ਇਹਨਾਂ ਦੀ ਕਪਤਾਨੀ ਵੀ ਕੀਤੀ। ਬਠਿੰਡੇ ਯੂਨੀਵਰਸਿਟੀ ਦੇ ਮੈਚ ਦੌਰਾਨ ਉਸਨੂੰ ਬੈਸਟ ਰੇਡਰ ਦਾ ਖਿਤਾਬ ਮਿਲਿਆ। ਫਿਰ ਰਾਮਪੁਰੇ ਯੂਨੀਵਰਸਿਟੀ ਦੇ ਮੈਚ ਦੌਰਾਨ ਵੀ ਵਧੀਆ ਕਬੱਡੀਆਂ ਪਾਉਣ ਬਦਲੇ ਜੱਸ ਨੂੰ ਬੈਸਟ ਰੇਡਰ ਦਾ ਖ਼ਿਤਾਬ ਮਿਲਿਆ, ਫ਼ਿਰ ਬਦੌਲੀ ਕਾਲਜ ਲੁਧਿਆਣਾ ਤੇ ਸੁਧਾਰ ਕਾਲਜ ਵਿਖੇ ਕਬੱਡੀ ਦੇ ਮੈਚ ਖੇਡੇ। ਫਿਰ ਸਮਰਾਲਾ ਵਿਖੇ ਖੇਡਦਿਆਂ ਗੋਲਡ ਮੈਡਲ ਜਿੱਤਿਆ। ਗੁਰੂ ਨਾਨਕ ਕਾਲਜ ਖੇਡਦਿਆਂ ਕੋਚ ਜਸਵੰਤ ਸਿੰਘ ਗਰੇਵਾਲ ਡੀ.ਪੀ. ਹੋਰਾਂ ਤੋਂ ਕਬੱਡੀ ਦੇ ਦਾਅ ਪੇਚ ਸਿੱਖੇ। ਜੱਸ ਨੇ ਗਗੜਾ ਪਿੰਡ ਦੀ ਟੀਮ ਵਿਚ ਖੇਡਦਿਆਂ ਕੋਈ ਅਜਿਹਾ ਕਬੱਡੀ ਟੂਰਨਾਮੈਂਟ ਨਹੀਂ ਛੱਡਿਆ ਹੋਣਾ, ਜਿਹੜਾ ਜੱਸ ਨੇ ਨਾ ਜਿੱਤਿਆ ਹੋਵੇ ਅਤੇ ਅਨੇਕਾਂ ਕੱਪ, ਗੋਲਡ ਮੈਡਲ ਜਿੱਤੇ। ਫਿਰ ਜੱਸ ਗਗੜਾ ਮੱਖਣ ਸਿੰਘ ਡੀ.ਪੀ. ਚੜਿੱਕ ਦੀ ਸਰਪ੍ਰਸਤੀ ਹੇਠ ਚੱਲਦੀ ਇੰਟਰਨੈਸ਼ਨਲ ਕਬੱਡੀ ਕਲੱਬ ਦਾ ਮੇਨ ਹੀਰਾ ਬਣ ਗਿਆ। ਇਸ ਕਲੱਬ ਵੱਲੋਂ ਖੇਡਦਿਆਂ ਜੱਸ ਦਾ ਨਾਂਅ ਧੱਕੜ ਖਿਡਾਰੀਆਂ ਵਿਚ ਗੂਜਣ ਲੱਗ ਪਿਆ। ਗਰਾਂਊਂਡਾਂ ਵਿਚ ਜੱਸ ਜੱਸ ਹੋਣ ਲੱਗ ਪਈ। ਜਦੋਂ ਹਰਜੀਤ ਬਾਜੇਖਾਨੇ ਦੀ ਟੀਮ ਦਾ ਕੈਂਪ ਮੋਗਾ ਵਿਖੇ ਲੱਗਾ ਸੀ, ਇਹ ਗੱਲ 96-97 ਦੀ ਹੈ, ਉਦੋਂ ਵੀ ਜੱਸ ਗਗੜਾ ਉਹਨਾਂ ਨਾਲ ਪ੍ਰੈਕਟਿਸ ਕਰਦਾ ਸੀ। ਉਹ ਮਾਣ ਨਾਲ ਦੱਸਦਾ ਕਿ ਮੈਨੂੰ ਹਰਜੀਤ ਬਾਜਾਖਾਨਾ ਨਾਲ ਤਕਰੀਬਨ 1 ਸਾਲ ਖੇਡਣ ਦਾ ਮਾਣ ਹਾਸਿਲ ਹੋਇਆ। ਇੰਟਰਨੈਸ਼ਨਲ ਕਲੱਬ ਵੱਲੋਂ ਖੇਡਦਿਆਂ ਜੱਸ ਗਗੜਾ ਨੇ ਵੱਡੀਆਂ ਮੱਲਾਂ ਮਾਰੀਆਂ। ਇਸ ਕਲੱਬ ਦੇ ਧੱਕੜ ਜਾਫ਼ੀ ਅੰਬੀ ਹਠੂਰ ਦੀ ਕੈਨੇਡਾ ਵਿਖੇ ਚੱਲਦੇ ਮੈਚ ਦੌਰਾਨ ਮੌਤ ਹੋ ਗਈ ਸੀ। ਬਾਅਦ ਵਿਚ ਮੱਖਣ ਚੜਿੱਕ ਨੇ ਇਸਦਾ ਨਾਂਅ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਰੱਖ ਦਿੱਤਾ ਸੀ ਤੇ ਕਾਫ਼ੀ ਚਿਰ ਜੱਸ ਗਗੜਾ ਇਸ ਕਲੱਬ ਵੱਲੋਂ ਖੇਡਿਆ ਅਤੇ ਅੱਜ ਕੱਲ ਉਹ ਮਾਲਵਾ ਕਲੱਬ ਮੋਗਾ ਵੱਲੋਂ ਖੇਡ ਰਿਹਾ ਹੈ।

2002 ਵਿਚ ਪਹਿਲੀ ਵਾਰ ਜੋਗਿੰਦਰ ਸਿੰਘ ਸਾਹੀ ਤੇ ਮਨਜੀਤ ਸਿੰਘ ਸਾਹੀ ਦੇ ਸੱਦੇ 'ਤੇ ਕੈਨੇਡਾ ਵਿਖੇ ਹੋਣ ਵਾਲੇ ਕਬੱਡੀ ਕੱਪਾਂ ਵਿੱਚ ਭਾਗ ਲੈਣ ਲਈ ਜੱਸ ਗਗੜਾ ਜਾ ਉਤਰਿਆ ਕੈਨੇਡਾ ਦੀ ਧਰਤੀ 'ਤੇ। ਗੋਰਾ ਰੰਗ ਤਿੱਖੇ ਨੈਣ ਨਕਸ਼, ਟਮਾਟਰ ਵਰਗਾ ਲਾਲ ਗੱਭਰੂ ਮਾਰਦਾ ਫਿਰਦਾ ਥਾਪੀਆਂ ਕੈਨੇਡਾ ਦੀ ਧਰਤੀ 'ਤੇ। ਟੋਰਾਂਟੋ, ਐਡਮਿਨਟਨ, ਕੈਲਗਿਰੀ ਵਿਖੇ ਹੋਏ ਕਬੱਡੀ ਕੱਪਾਂ ਵਿਚ ਜੱਸ ਗਗੜਾ ਬੁੱਕਿਆ ਸ਼ੇਰ ਵਾਂਗ। ਪਹਾੜ ਵਰਗੇ ਇਸ ਯੋਧੇ ਨਾਲ ਖਹਿਣਾ ਕਿਹੜਾ ਸੌਖਾ ਹੈ। ਜਿੱਥੇ ਜੱਸ ਨੇ ਉੱਥੇ ਅਨੇਕਾਂ ਮੈਚ ਖੇਡੇ ਉੱਥੇ ਟੋਰਾਂਟੋ ਦਾ ਵਰਲਡ ਕੱਪ ਵੀ ਖੇਡਿਆ ਇੰਡੀਆ ਦੀ ਟੀਮ ਵੱਲੋਂ। 2002 ਤੋਂ ਲੈ ਕੇ ਹੁਣ ਤੱਕ ਹਰ ਸਾਲ ਉਹ ਕੈਨੇਡਾ ਦੀ ਧਰਤੀ 'ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਜਾਂਦਾ ਹੈ। ਤਰਸਦੇ ਆ ਗੋਰਿਆਂ ਦੀ ਧਰਤੀ 'ਤੇ ਵੱਸਦੇ ਸਾਡੇ ਪੰਜਾਬੀ ਵੀਰ ਇਹਨਾਂ ਸ਼ੇਰਾਂ ਦੇ ਮੈਚ ਵੇਖਣ ਲਈ । 2004 ਵਿਚ ਇੰਡੀਆ ਦੀ ਟੀਮ ਵੱਲੋਂ ਖੇਡਦਿਆਂ ਜੱਸ ਨੇ 34 ਕਬੱਡੀਆਂ ਪਾਈਆਂ। ਉਸ ਨੂੰ ਰੋਕਣ ਲਈ ਡਾਲਰਾਂ ਦਾ ਲਾਲਚ ਵੀ ਦਿੱਤਾ ਪਰ ਕਿਸੇ ਜਾਫ਼ੀ ਦੇ ਉਹ ਹੱਥ ਨਹੀਂ ਆਇਆ। ਅਨੇਕਾਂ ਅਜਿਹੇ ਰਿਕਾਰਡ ਜੱਸ ਗਗੜੇ ਦੇ ਨਾਂਅ ਬੋਲਦੇ ਹਨ। 2007 ਵਿਚ ਕੈਨੇਡਾ ਦੀ ਧਰਤੀ 'ਤੇ ਸ਼ਾਂਨਦਾਰ ਕਬੱਡੀਆਂ ਪਾਉਣ ਬਦਲੇ ਉੱਥੋਂ ਦੀ ਐਮ.ਪੀ.ਰੂਬੀ ਢੱਲਾ ਨੇ ਵਿਸ਼ੇਸ਼ ਸਨਮਾਨ ਚਿੰਨ• ਭੇਂਟ ਕਰਕੇ ਜੱਸ ਨੂੰ ਸਨਮਾਨਿਤ ਕੀਤਾ। ਪਿੰਡ ਵਾਰ ਖੇਡਦਿਆਂ ਜੱਸ ਗਗੜਾ ਅਨੇਕਾਂ ਵਾਰ ਬੈਸਟ ਰੇਡਰ ਦਾ ਖਿਤਾਬ ਜਿੱਤ ਚੁੱਕਿਆ ਹੈ ਤੇ ਕੈਨੇਡਾ ਦੀ ਧਰਤੀ 'ਤੇ ਵੀ ਜੱਸ ਦੀ ਖੇਡ ਦੀਆਂ ਗੱਲਾਂ ਹੁੰਦੀਆਂ ਨੇ । 2001 ਵਿਚ ਹੋਈਆਂ ਨੈਸ਼ਨਲ ਗੇਮਾਂ ਵਿਚ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਜੱਸ ਦੀਆਂ ਸ਼ਾਂਨਦਾਰ ਕਬੱਡੀਆਂ ਸਦਕਾ ਪੰਜਾਬ ਦੀ ਟੀਮ ਨੇ ਗੋਲਡ ਮੈਡਲ ਜਿੱਤਿਆ।

ਆਉ ਤੁਹਾਨੂੰ ਅਸੀਂ ਪਿੰਡ ਭਿੰਡਰ ਕਲਾਂ ਦੇ ਉਸ ਸ਼ਾਨਦਾਰ ਕਬੱਡੀ ਮੇਲੇ ਦਾ ਸੁਆਦ ਵੀ ਦੱਸਦੇ ਆਂ ਜਿੱਥੇ ਦਰਸ਼ਕਾਂ ਦਾ ਆਇਆ ਹੜ ਤੇ ਜੱਸ ਵਰਗੇ ਗੱਭਰੂ ਫਿਰਦੇ ਆ ਬੁਕਦੇ, ਆਉ ਚੱਲਦੇ ਭਿੰਡਰਾਂ ਦੀ ਧਰਤੀ 'ਤੇ। ਇਹ ਮੋਗਾ ਜ਼ਿਲ੍ਹੇ ਦਾ ਉਹ ਪਿੰਡ ਹੈ ਜਿਸ ਦੀ ਗੋਦ ਚੋਂ ਮਾਂ ਖੇਡ ਕਬੱਡੀ ਦੇ ਬੱਬਰ ਸ਼ੇਰ ਪੈਦਾ ਹੋਏ ਹਨ। ਬੰਤ, ਸੀਰਾ, ਬਿੱਲਾ, ਵਿਜੇ ਵਰਗੇ ਗੱਭਰੂ ਇਸ ਧਰਤੀ ਦੇ ਜਾਏ ਹਨ। ਜਦੋਂ ਬੱਬਰ ਸ਼ੇਰਾਂ ਦੀ ਗੱਲ ਚੱਲੂਗੀ ਇਹਨਾਂ ਯੋਧਿਆਂ ਦੇ ਨਾਂਅ ਵੀ ਆਪਣੇ ਆਪ ਜ਼ੁਬਾਨ 'ਤੇ ਆ ਜਾਣਗੇ। ਇਸ ਪਿੰਡ ਵਿਚ ਹੁੰਦੇ ਕਬੱਡੀ ਟੂਰਨਾਂਮੈਂਟ ਵਿਚ ਦਰਸ਼ਕਾਂ ਦਾ ਹੜ ਆ ਜਾਂਦਾ ਤੇ ਕਬੱਡੀ ਦੇ ਧੱਕੜ ਖਿਡਾਰੀ ਵੀ ਇਥੇ ਹੀ ਭਿੜਦੇ ਆ। ਗੱਲ 99 ਸੰਨ ਦੀ ਹੈ, ਦਰਸ਼ਕਾਂ ਦਾ ਠਾਠਾ ਮਾਰਦਾ ਇਕੱਠ, ਆਉ ਸੁਣਦੇ ਆ ਕਿਵੇਂ ਸਪੀਕਰਾਂ ਵਿਚੋਂ ਮਿਸ਼ਰੀ ਘੋਲਦੇ ਆ ਕਮੈਂਟਰੀ ਵਾਲੇ ਬਾਈ ਦੇ ਬੋਲ.. .. ਬੱਲੇ.. ਬੱਲੇ.. ਬੱਲੇ ਲੱਗਦਾ ਘਰਾਂ ਨੂੰ ਲੋਕ ਜ਼ਿੰਦਰੇ ਲਾ ਕੇ ਆ ਗਏ ਨੇ, ਸਾਰਾ ਪੰਜਾਬ ਹੀ ਲੱਗਦਾ ਭਿੰਡਰਾਂ ਦੀ ਗਰਾਂਊਂਡ 'ਚ ਆ ਵੜਿਆ, ਉਹ ਫਿਰਦੇ ਆ ਦਰਸ਼ਕੋ ਚੋਬਰ ਵਾਰਮਅੱਪ ਹੁੰਦੇ। ਉਹ ਫਿਰਦਾ ਸਿੱਖ ਸਰਦਾਰ ਚੜਿੱਕ ਦੀ ਧਰਤੀ ਦਾ ਜਾਇਆ ਬੱਬਲੀ ਚੜਿੱਕ, ਉਹ ਫਿਰਦਾ ਬੁੱਘੀਪੁਰੇ ਦਾ ਸਾਨ ਸੀਰਾ, ਆ ਫਿਰਦਾ ਪੱਟਾਂ 'ਤੇ ਥਾਪੀਆਂ ਮਾਰਦਾ ਗੋਰਾ ਨਿਸ਼ੋਰ ਗੱਭਰੂ ਗਗੜੇ ਦਾ ਜੱਸ। ਜਦੋਂ ਜੱਸ ਵੱਲ ਵੇਖੀਦਾ ਤਾਂ ਅੰਦਾਜ਼ਾ ਲਾਉਣਾ ਔਖਾ ਹੋ ਜਾਂਦਾ ਦੋਸਤੋ ਕਿ ਇਹ ਲਾਲ ਜ਼ਿਆਦਾ ਕਿ ਟਮਾਟਰ ਲਾਲ ਜ਼ਿਆਦਾ। ਅਜਿਹੇ ਪੁੱਤ ਵਿਰਲੀਆਂ ਮਾਵਾਂ ਜੰਮਦੀਆਂ ਦੋਸਤੋ, ਦਰਸ਼ਕੋ ਗੋਡੀ ਲਾ ਕੇ ਬਹਿਜੋ, ਹੋਣ ਲੱਗਾ ਮੈਚ ਸ਼ੁਰੂ.. .. .. ਵੱਜ ਗਈ ਆ ਸੀਟੀ ਹੋ ਗਏ ਗੱਭਰੂ ਆਹਮਣੇ ਸਾਹਮਣੇ, ਮਲਦੇ ਆ ਹੱਥਾਂ ਨੂੰ ਮਿੱਟੀ, ਪਹਿਲੀ ਰੇਡ ਚੱਲਿਆ ਬਾਈ ਗਗੜੇ ਦਾ ਜੱਸ । ਟੇਕਿਆ ਮੱਥਾ ਹੋਇਆ ਫਿਰਦਾ ਮੁੜਕੋ-ਮੁੜਕੀ, ਉਹ ਮਾਰੀ ਆ ਪੱਟ 'ਤੇ ਜ਼ੋਰ ਨਾਲ ਥਾਪੀ, ਗਲ 'ਚ ਕਾਲੇ ਧਾਗੇ ਦੀ ਪਾਈ ਆ ਤਵੀਤੀ, ਨਜ਼ਰਾਂ ਤੋਂ ਬਚ ਮੁੰਡਿਆਂ, ਧਿਆਇਆ ਰੱਬ ਨੂੰ, ਔਹ ਚੱਲਿਆ.. ਕਬੱਡੀ.. ਕਬੱਡੀ.. ਕਬੱਡੀ.. ਕਰਦਾ ਫਿਰਦਾ ਵਿਰੋਧੀਆਂ ਦੇ ਵਿਹੜੇ 'ਚ, ਉਹਨਾਂ ਨੂੰ ਵੰਗਾਂਰਦਾ ਹੈ ਕੋਈ ਸੂਰਮਾ ਤਾਂ ਪਾਵੇ ਹੱਥ.. .. ਅੋਹ ਜੁੜਗੇ ਹੱਥ ਫੜੀ ਮਾਂਏ.. ਟੁੱਕ ਮੈਨੂੰ ਮੁੰਡਾ ਦੇਖ ਲੈਣ ਦੇ.. .. ਵੱਜਦੀਆਂ ਧੌਲਾਂ ਸੁਣਦਾ ਖੜ੍ਹਕਾ ਦੂਰ ਤੱਕ ਨਹੀਂ ਰੀਸਾਂ ਤੇਰੀਆਂ ਉਏ ਗਗੜੇ ਵਾਲੇ ਜੱਸ ਦੀਆਂ, ਉਹ ਲੈ ਆਇਆ ਪੁਆਇੰਟ, ਨਹੀਂ ਰੁਕਦਾ ਧਰਤੀ ਧੱਕ ਗੱਭਰੂ, ਚਾਰੇ ਪਾਸਿਉਂ ਮਾਸ ਨਾਲ ਪਿਆ ਗੁੰਦਿਆਂ। ਪਹਾੜਾਂ ਨੂੰ ਵੀ ਪੱਥਰ ਦੱਸਦੇ ਆ ਜੱਸ ਵਰਗੇ ਧਰਤੀ ਧੱਕ ਗੱਭਰੂ। ਭਿੰਡਰ ਕਲਾਂ ਦੇ ਇਸ ਖੇਡ ਮੇਲੇ ਦਾ ਹੀਰਾ ਰਿਹਾ ਜੱਸ ਗਗੜਾ। ਇਸ ਖੇਡ ਟੂਰਨਾਂਮੈਂਟ ਵਿੱਚ 112 ਟੀਮਾਂ ਨੇ ਹਿੱਸਾ ਲਿਆ। ਜੱਸ ਦੀ ਟੀਮ ਨੇ 8 ਮੈਚ ਖੇਡੇ ਤੇ 100 ਦੇ ਕਰੀਬ ਕਬੱਡੀਆਂ ਪਾਈਆਂ । ਜੱਸ ਗਗੜਾ ਸਿਰਫ਼ ਇਕ ਵਾਰ ਹੀ ਡੱਕਿਆ ਗਿਆ ਇਹ ਪੰਜਾਬ ਦਾ ਸ਼ੇਰ। 112 ਟੀਮਾਂ ਚੋਂ ਜੱਸ ਦੀ ਟੀਮ ਨੇ ਫਾਇਨਲ ਜਿੱਤਿਆ ਤੇ ਕੱਪ ਚੁੰਮਿਆ ਤੇ ਬੈਸਟ ਰੇਡਰ ਦਾ ਖਿਤਾਬ ਵੀ ਇਸ ਯੋਧੇ ਦੇ ਨਾਂਅ ਰਿਹਾ। ਇਸ ਯੋਧੇ ਨੂੰ ਗੁਰੁ ਨਾਨਕ ਕਾਲਜ ਵੱਲੋਂ ਉੱਤਮ ਖਿਡਾਰੀ ਵਜੋਂ ਇਕ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜੱਸ ਗਗੜਾ ਅੱਜ ਇਕ ਅੰਤਰਰਾਸ਼ਟਰੀ ਖਿਡਾਰੀ ਹੈ ਤੇ ਉਸ ਦੁਆਰਾ ਬਣਾਏ ਰਿਡਾਰਡ ਖੇਡ ਜਗਤ ਵਿਚ ਹਮੇਸ਼ਾਂ ਯਾਦ ਕੀਤੇ ਜਾਣਗੇ। ਗੁੰਦਮਾ ਸਰੀਰ ਅੱਥਰੀ ਜਵਾਨੀ ਬੇਹਿਸਾਬੀ ਤਾਕਤ ਹੰਸੂ ਹੰਸੂ ਕਰਦੇ ਚਿਹਰੇ ਦੇ ਮਾਲਕ ਜੱਸ ਗਗੜਾ ਹਰਦੀਪ ਚੜਿੱਕ, ਪੱਪੀ ਰੱਜੀਵਾਲ, ਬੂਟਾ ਭਿੰਡਰ ਕਲਾਂ, ਵਿਜੇ ਭਿੰਡਰ, ਬੰਤ ਸੀਰਾ, ਸੀਰਾ ਬੁੱਘੀਪੁਰਾ, ਹੀਰਾ ਭਿੰਡਰ, ਰਾਜ ਬੱਧਨੀ, ਗੁਰਮੀਤ ਸਿੱਧੂ, ਰਾਮ ਦਾਰਾਪੁਰ, ਬੱਬਲੀ ਚੜਿੱਕ, ਸੁੱਖਾ ਚੜਿੱਕ ਤੋਂ ਮਿਲੇ ਸਹਿਯੋਗ ਨੂੰ ਕਦੇ ਵੀ ਨਹੀਂ ਵਿਸਾਰਦਾ। ਧਰਮ ਪਤਨੀ ਹਰਵਿੰਦਰ ਕੌਰ ਦਾ ਜੀਵਨ ਸਾਥੀ ਬੇਟੀ ਮਹਿਕਪ੍ਰੀਤ ਦਾ ਪਿਤਾ ਤੇ ਮਾਂ ਖੇਡ ਕਬੱਡੀ ਦੇ ਬੱਬਰ ਸ਼ੇਰ ਜੱਸ ਗਗੜਾ ਨੂੰ ਵੱਡੀਆਂ ਪ੍ਰਾਪਤੀਆਂ ਬਦਲੇ 2009 ਵਿਚ ਦੌਲੇਵਾਲਾ ਦੇ ਪ੍ਰਸਿੱਧ ਖੇਡ ਮੇਲੇ 'ਤੇ ਬੂਟਾ ਭਿੰਡਰ ਕੈਲਗਿਰੀ, ਵਿਜੇ ਭਿੰਡਰ ਅਮਰੀਕਾ ਵੱਲੋਂ ਬੁਲਟ ਮੋਟਰ ਸਾਇਕਲ ਦੇ ਕੇ ਸਨਮਾਨਿਤ ਕੀਤਾ ਗਿਆ। ਰੱਬ ਕਰੇ ਸਾਡੀ ਮਾਂ ਖੇਡ ਕਬੱਡੀ ਦੇ ਇਹ ਅਣਖੀ ਗੱਬਰੂ ਇਸੇ ਤਰ੍ਹਾਂ ਖੇਡ ਮੇਲਿਆਂ ਦਾ ਸ਼ਿੰਗਾਰ ਬਣਦੇ ਰਹਿਣ, ਬੁਰੀਆਂ ਨਜ਼ਰਾਂ ਤੋਂ ਬਚਣ, ਰੱਬ ਲੰਮੀਆਂ ਉਮਰਾਂ ਬਖ਼ਸੇ ਇਹਨਾਂ ਹੀਰੇ ਪੁੱਤਾਂ ਨੂੰ ।



ਲੇਖਕ : ਜਗਦੇਵ ਬਰਾੜ

No comments:

Post a Comment