Monday, August 16, 2010

''ਚਪੇੜਾ ਵਾਲੀ ਮਸ਼ੀਨ ਦੇ ਨਾਮ ਨਾਲ ਜਾਣਿਆਂ ਜਾਂਦਾ ਕਬੱਡੀ ਦਾ ਧੱਕੜ ਜਾਫ਼ੀ'' : ਰਾਣਾ ਵੰਝ

''ਚਪੇੜਾ ਵਾਲੀ ਮਸ਼ੀਨ ਦੇ ਨਾਮ ਨਾਲ ਜਾਣਿਆਂ ਜਾਂਦਾ ਕਬੱਡੀ ਦਾ ਧੱਕੜ ਜਾਫ਼ੀ'' : ਰਾਣਾ ਵੰਝ



ਸਿਆਣੇ ਕਹਿੰਦੇ ਹਨ ਜੇ ਸ਼ੌਕ ਨਾਲ ਖੇਡਣਾ ਤਾਂ ਬਹੁਤ ਸਾਰੀਆਂ ਖੇਡਾਂ ਹਨ ਪਰ ਜਿਹਨੇ ਕਬੱਡੀ ਖੇਡਣੀ ਹੈ, ਉਸਦਾ ਜਿਗਰਾ ਵੱਡਾ ਚਾਹੀਦਾ ਹੈ । ਜਿਹੜਾ ਤਾਕਤ ਲਈ ਗੁਲੂਗੋਛ ਦੀਆਂ ਬੋਤਲਾਂ ਲਗਵਾਉਂਦਾ ਹੈ, ਉਹਨੂੰ ਤਾਂ ਕਬੱਡੀ ਦੇ ਮੈਦਾਨ ਕੋਲ ਦੀ ਵੀ ਲੰਘਣਾ ਠੀਕ ਨਹੀਂ । ਕਬੱਡੀ ਖੇਡ ਖੂਨ ਵਾਲੇ ਦੀ ਹੈ, ਜਿਹੜਾ ਬੁੱਕ ਨਾਲ ਘਿਊ ਪੀਣਾ ਜਾਣਦਾ ਹੋਵੇ, ਦੁੱਧ ਦੀ ਭਰੀ ਬਾਲਟੀ ਮੂੰਹ ਲਾ ਕੇ ਇਕੋ ਸਾਹ ਪੀਣ ਤੇ ਪਚਾਉਣ ਜਾਣਦਾ, ਬਦਾਮਾਂ ਦੇ ਫੱਕੇ ਮਾਰਨੇ ਜਾਣਦਾ ਹੋਵੇ ਤੇ ਗਰਾਂਊਂਡ ਨਾਲ ਇਸ਼ਕ ਕਰਦਾ ਹੋਵੇ । ਹਰਜੀਤ ਬਰਾੜ ਗਰਜਿਆ ਸੀ ਮੈਦਾਨਾਂ ਅੰਦਰ, ਬਲਵਿੰਦਰ ਫਿੱਡੂ ਦਾ ਨਾਂਅ ਕੌਣ ਨਹੀਂ ਜਾਣਦਾ, ਕੌਣ ਭੁੱਲ ਸਕਦਾ ਹੈ ਜਸਪਾਲ ਬਾਂਗਰਾਂ ਵਾਲੇ ਬਿੱਟੂ ਦੀਆਂ ਪਾਈਆਂ ਹੋਈਆਂ ਧਮਾਲਾਂ ਨੂੰ ਤੇ ਕੌਣ ਨੀ ਯਾਦ ਕਰਦਾ ਰਾਣੇ ਵੰਝ ਨੂੰ .. .. .. ਅੱਜ ਰਾਣੇ ਵੰਝ ਦੀਆਂ ਮਾਰੀਆਂ ਮੱਲ੍ਹਾ ਬਾਰੇ ਵੀ ਗੱਲ ਕਰਦੇ ਆ .. .. ..।

ਮਾਂ-ਪਿਊ ਦਾ ਪਿਆਰਾ ਪੁੱਤ ਰਣਜੀਤ ਸਿੰਘ ਕਬੱਡੀ ਦੇ ਮੈਦਾਨਾਂ ਵਿਚ ਰਾਣਾ ਵੰਝ ਬਣਕੇ ਅਜਿਹਾ ਗਰਜਿਆ ਕਿ ਦੁਨੀਆਂ ਦੇ ਸੁਪਰ ਸਟਾਰ ਖਿਡਾਰੀ ਵੀ ਥਰ-ਥਰ ਕੰਬਣ ਲੱਗ ਪੈਂਦੇ ਸਨ ਉਸਦਾ ਨਾਂਅ ਸੁਣਕੇ। ਪਿਤਾ ਸ੍ਰ: ਬਾਵਾ ਸਿੰਘ ਦੇ ਘਰ ਮਾਤਾ ਸ਼੍ਰੀ ਮਤੀ ਹਰਬੰਸ ਕੌਰ ਦੀ ਕੁੱਖੋਂ ਅੰਮ੍ਰਿਤਸਰ ਦੇ ਨੇੜਲੇ ਪਿੰਡ ਚੁਗਾਵਾਂ ਰੂਪਵਾਲੀ ਦੀ ਧਰਤੀ 'ਤੇ ਪੈਦਾ ਹੋਇਆ ਰਾਣਾ ਵੰਝ ਸਕੂਲ ਟਾਇਮ ਹੀ ਕਬੱਡੀ ਖੇਡਣ ਲੱਗ ਪਿਆ । ਸਕੂਲ ਟਾਇਮ ਹੀ ਉਸਨੇ ਅਜਿਹੀ ਧਾਕ ਜਮਾਈ ਕਿ ਕਈਆਂ ਦੇ ਕੰਨ ਪਾੜ ਦਿੱਤੇ । 75 ਵਿਚ ਉਸਨੇ ਪਿੰਡ ਦੀ ਟੀਮ ਵੱਲੋਂ ਆਲ ਓਪਨ ਦੇ ਮੈਚ ਖੇਡਣੇ ਸ਼ੁਰੂ ਕਰ ਦਿੱਤੇ । ਆਲ ਓਪਨ ਮੁਕਾਬਲਿਆਂ ਵਿਚ ਉਸਦੇ ਨਾਂਅ ਦੀ ਤੂਤੀ ਦੂਰ-ਦੂਰ ਤੱਕ ਬੋਲਣ ਲੱਗ ਗਈ । ਹੱਥਾਂ ਦਾ ਐਨਾਂ ਪੱਕਾ ਰੇਡਰ ਨੂੰ ਖੰਗਣ ਨੀ ਸੀ ਦਿੰਦਾ .. .. .. । ਰਾਣੇ ਵੰਝ ਦੀ ਕੁੱਟ ਬਹੁਤ ਭੈੜੀ ਸੀ, ਰੇਡਰ ਨੂੰ ਕੁੱਟ ਕੇ ਹੀ ਰੱਖਦਾ ਸੀ । ਕਬੱਡੀ ਪ੍ਰੇਮੀ ਰਾਣੇ ਵੰਝ ਦੀ ਕੁੱਟ ਤੋਂ ਭਲੀ ਭਾਂਤ ਜਾਣੂ ਹਨ । ਮਾਲਵੇ ਵਿਚ ਇਸ ਧੱਕੜ ਜਾਫ਼ੀ ਨੂੰ ਰਾਣਾ ਫਲੱਡ ਆਖਦੇ ਹਨ । ਦੁਆਬੇ ਵਿਚ ਰਾਣਾ ਵੰਝ ਨੂੰ ਖੇਡ ਪ੍ਰੇਮੀ ਚਪੇੜਾ ਵਾਲੀ ਮਸ਼ੀਨ ਆਖਦੇ ਹਨ । ਉਸ ਦਾ ਨਾਂਅ ਵੰਝ ਵੀ ਉਸਦੀ ਕੁਟਾਈ ਨੂੰ ਵੇਖ ਕੇ ਹੀ ਪਿਆ । ਰੇਡਰ ਰਾਣੇ ਨੂੰ ਟੱਚ ਕਰਨ ਦੀ ਬਜਾਏ ਦੂਜਿਆ ਵਿਚ ਵੱਜਦੇ ਤੇ ਜੇ ਕਿਧਰੇ ਮਾੜੀ ਕਿਸਮਤ ਨੂੰ ਸਾਹਮਣਾ ਰਾਣੇ ਵੰਝ ਨਾਲ ਹੋ ਜਾਂਦਾ ਤਾਂ ਉਹ ਰੇਡਰ ਦੇ ਉੱਤੇ ਹੀ ਚੜਿ•ਆ ਰਹਿੰਦਾ ਤੇ ਚਪੇੜਾ ਵਾਲੀ ਹਨੇਰੀ ਲਿਆ ਦਿੰਦਾ । ਇਕ ਸੈਕਿੰਟ ਵਿਚ ਕਿੰਨੀਆਂ ਹੀ ਠੋਕ ਜਾਂਦਾ.. .. ਰੇਡਰ ਨੂੰ ਤਾਂ ਭੰਬੂ ਤਾਰੇ ਦਿਖਾ ਦਿੰਦਾ । ਪਹਿਲੀ ਰੇਡ ਵਿਚ ਹੀ ਰੇਡਰ ਦੀ ਐਸੀ ਬੱਸ ਕਰਵਾਉਂਦਾ ਕਿ ਉਹ ਦੂਜੀ ਰੇਡ ਪਾਉਣ ਲਈ ਇਕ ਦੂਜੇ ਨੂੰ ਕੂਹਣੀਆਂ ਜਿਹੀਆਂ ਮਾਰਨ ਲੱਗ ਜਾਂਦੇ.. .. ਚੱਲ ਤੂੰ ਪਾ ਰੇਡ.. ਅਤੇ ਉਹ ਅੱਗੋ ਕਹਿੰਦਾ ਭਰਾਵਾ ਤੂੰ ਜਾ ਕੰਨ ਅਜੇ ਤੱਕ ਤਰ੍ਹਾਂ-ਤਰ੍ਹਾਂ ਦੀਆਂ ਅਵਾਜਾਂ ਕੱਢੀ ਜਾਂਦੇ ਆ । ਮੇਰੇ ਖਿਆਲ ਮੁਤਾਬਿਕ ਰਾਣਾ ਵੰਝ ਦੁਨੀਆਂ ਦੇ ਸਾਰੇ ਜਾਫ਼ੀਆਂ ਚੋਂ ਅੜਬ ਤੇ ਚਪੇੜਾ ਦਾ ਮੀਂਹ ਵਰਾਉਣ ਵਾਲਾ ਜਾਫ਼ੀ ਹੋਵੇਗਾ। ਜਦੋਂ ਉਹ ਸ਼ੋਅ ਮੈਚ ਖੇਡਣ ਲੱਗ ਪਿਆ ਤਾਂ ਦੁਨੀਆਂ ਦਾ ਹੜ ਆ ਜਾਂਦਾ ਸੀ ਉਸ ਨੂੰ ਵੇਖਣ ਲਈ.. .. ਰਾਣਾ ਵੰਝ ਸ਼ਰੇਆਮ ਹਿੱਕ ਥਾਪੜ ਕੇ ਆਖਦਾ ਹੈ ਕਿ ਦੁਨੀਆਂ ਦਾ ਕੋਈ ਵੀ ਸਟਾਰ ਖਿਡਾਰੀ ਧੱਕੜ ਰੇਡਰ ਇਹ ਨਹੀਂ ਕਹਿ ਸਕਦਾ ਕਿ ਉਸ ਨੂੰ ਰਾਣੇ ਵੰਝ ਨੇ ਕਦੇ ਨਹੀਂ ਡੱਕਿਆ । ਕਹਿੰਦੇ ਕਹਾਂਉਂਦੇ ਰੇਡਰਾਂ ਦੀ ਬੱਸ ਕਰਵਾ ਦਿੰਦਾ ਸੀ ਰਾਣਾ ਵੰਝ । ਪੰਜਾਬ ਦੇ ਹੀ ਨਹੀਂ ਪਾਕਿਸਤਾਨ ਦੇ ਧਾਵੀ ਵੀ ਕਹਿੰਦੇ ਆ ਇਹ ਕੀ ਬਲਾ ਹੋਈ । ਜਦੋਂ ਪਾਕਿਸਤਾਨ ਦਾ ਪਹਿਲਾ ਮੈਚ ਰਾਣੇ ਵੰਝ ਦੀ ਟੀਮ ਨਾਲ ਪਿਆ ਸੀ ਤਾਂ ਪਾਕਿਸਤਾਨ ਦਾ ਧਾਵੀ ਮੱਥਾ ਟੇਕ ਕੇ ਰੇਡ ਪਾਉਣ ਲੱਗਾ.. .. ਕੀ ਪਤਾ ਸੀ ਕਿ ਅੱਗੇ ਚਪੇੜਾ ਵਾਲੀ ਮਸ਼ੀਨ ਖੜ੍ਹੀਆ.. ਹੱਥ ਜੁੜਗੇ ਰਾਣੇ ਨਾਲ ਉਹਨੇ ਕਿਹੜਾ ਕੈਂਚੀ ਮਾਰਨੀ ਸੀ, ਨਾ ਗੁੱਟ ਫੜ•ਨਾ ਸੀ, ਵਰ੍ਹਾਂ ਦਿੱਤਾ ਚਪੇੜਾ ਦਾ ਮੀਂਹ, ਇਕ ਇੰਚ ਨਾ ਪਿੱਛੇ ਹਿੱਲਿਆ, ਰੇਡਰ ਪਾਵੇ ਦੁਹਾਈਆਂ ਕਿ ਕਿੱਥੇ ਡੂਮਣੇ ਨੂੰ ਛੇੜ ਬੈਠਾ.. ਰਾਣੇ ਵੰਝ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਵੱਲੋਂ ਕਈ ਸ਼ੋਅ ਮੈਚ ਖੇਡੇ.. ਚੈਪੀਅਨਸ਼ਿਪਾਂ ਖੇਡੀਆਂ । ਉਹ 85 ਤੇ 86 ਵਿਚ ਪਹਿਲੀ ਵਾਰ ਇੰਗਲੈਂਡ ਗਿਆ। 85 ਵਿੱਚ ਬਰਮਿੰਘਮ ਕਲੱਬ ਵੱਲੋਂ ਤੇ 86 ਵਿਚ ਕਵੈਂਟਰੀ ਕਲੱਬ ਵੱਲੋਂ 18-20 ਦੇ ਕਰੀਬ ਮੈਚ ਖੇਡਿਆ ਰਾਣਾ ਵੰਝ। ਦੂਜੇ ਪਾਸੇ ਦੁਨੀਆਂ ਦਾ ਧੱਕੜ ਰੇਡਰ ਬਲਵਿੰਦਰ ਫਿੱਡੂ ਸੀ । ਰਾਣੇ ਵੰਝ ਨੇ ਬਲਵਿੰਦਰ ਫਿੱਡੂ ਨੂੰ ਵੀ ਨਹੀਂ ਬਖਸਿਆਂ ਤੇ ਫਿੱਡੂ ਨੂੰ ਜੱਫੇ ਲਾਉਣ ਬਦਲੇ ਉੱਥੋਂ ਦੇ ਲੀਡਰ ਸ਼ੀਤਲ ਜੌਹਲ ਨੇ ਵਿਸ਼ੇਸ਼ ਸਨਮਾਨ ਦਿੱਤਾ । 85-86-89 ਵਿਚ ਤਿੰਨ ਸਾਲ ਪਾਕਿਸਤਾਨ ਦੀ ਧਰਤੀ 'ਤੇ ਖੇਡਿਆ ਇਹ ਪੰਜਾਬ ਦਾ ਬੱਬਰ ਸ਼ੇਰ ਪੁੱਤ, ਉੱਥੇ ਰਾਣਾ ਵੰਝ ਇੰਡੀਆ ਦੀ ਟੀਮ ਵੱਲੋਂ ਖੇਡਿਆ ।
 ਪਹਿਲਾ ਮੀਆਂ ਅਬਦਲ ਗੋਲਡ ਕੱਪ ਜਿੱÎਤਿਆ, ਫਿਰ ਦੋ ਸਾਲ ਜੰਜੂਆਂ ਅਲਾਹੀ ਗੋਲਡ ਕੱਪ ਜਿੱÎਤਿਆ ਤੇ ਇਨਾਮ ਵਜੋਂ ਇਕ ਲੱਖ ਰੁਪੈ ਵੀ ਇੰਡੀਆਂ ਦੀ ਝੋਲੀ ਪਾਇਆ । ਰੰਧਾਵਿਆਂ ਦਾ ਇਹ ਮੁੰਡਾ ਰਾਣੇ ਵੰਝ ਦੇ ਨਾਂਅ ਨਾਲ ਐਸਾ ਛਾਇਆ ਕਿ ਘਰ-ਘਰ ਗੱਲਾਂ ਹੁੰਦੀਆਂ ਬਈ ਉਹ ਰਾਣਾ ਵੰਝ ਪਤੰਦਰ ਕਿਸੇ ਨੂੰ ਵੀ ਨਹੀਂ ਬਖਸਦਾ । ਦੁਨੀਆਂ ਦਾ ਕੋਈ ਐਸਾ ਰੇਡਰ ਨਹੀਂ ਸੀ ਜੋ ਰਾਣੇ ਵੰਝ ਦੀ ਕੁੱਟ ਦਾ ਸ਼ਿਕਾਰ ਨਾ ਹੋਇਆ ਹੋਵੇ । ਮੋਗੇ ਐਸ.ਡੀ. ਸਕੂਲ ਦੀ ਗਰਾਊਂਡ ਵਿਚ ਚੈਂਪੀਅਨਸ਼ਿਪ ਸੀ, ਇਕ ਪਾਸੇ ਸੀ ਪੰਜਾਬ ਦਾ ਚੜ•ਦਾ ਸੂਰਜ ਹਰਜੀਤ ਬਾਜਾਖਾਨਾ ਦੀ ਟੀਮ ਤੇ ਦੂਜੇ ਪਾਸੇ ਮੰਡੀ ਕਰਨ ਬੋਰਡ ਦੀ ਟੀਮ ਸੀ ਤੇ ਮੰਡੀ ਕਰਨ ਬੋਰਡ ਵੱਲੋਂ ਖੇਡ ਰਿਹਾ ਸੀ ਰਾਣਾ ਵੰਝ । ਦੋਵੇਂ ਟੀਮਾਂ ਮਾਰਦੀਆਂ ਸੀ ਪੱਟਾਂ 'ਤੇ ਥਾਪੀਆਂ । ਇੰਝ ਲੱਗਦਾ ਸੀ ਕਿ ਅੱਜ ਸਾਰਾ ਪੰਜਾਬ ਹੀ ਐਸ.ਡੀ. ਸਕੂਲ ਦੀ ਗਰਾਊਂਡ ਵਿਚ ਆ ਗਿਆ ਹੋਵੇ । ਓਏ ਫਿਰਦੇ ਆ ਬੱਬਰ ਸ਼ੇਰ ਬੁੱਕ ਦੇ.. .. ਅੱਜ ਆਊਗਾ ਸਵਾਦ ਮੈਚ ਵੇਖਣ ਦਾ । ਉਹ ਫਿਰਦਾ ਹਰਜੀਤ ਬਾਜਾਖਾਨਾ ਮਾਰਦਾ ਥਾਪੀਆਂ ਤੇ ਉੱਧਰ ਰਾਣਾ ਵੰਝ। ਹੋ ਗਿਆ ਮੈਚ ਸ਼ੁਰੂ । ਹਰਜੀਤ ਵੀ ਰਾਣੇ ਵੰਝ ਦੀ ਕੁਟਾਈ ਤੋਂ ਭਲੀ ਭਾਂਤ ਜਾਣੂ ਸੀ। ਲਉ ਵੀ ਟੇਕਿਆ ਮੱਥਾ ਹਰਜੀਤ ਨੇ ਮਿਲਾਈ ਆ ਸੂਰਜ ਦੇਵਤਾ ਨਾਲ ਨਜ਼ਰ, ਮਾਰੀ ਆ ਪੱਟ 'ਤੇ ਥਾਪੀ ਸੁਨੱਖੇ ਗੱਭਰੂ ਨੇ, ਔ ਚੱਲਿਆ ਹਰਜੀਤ ਬਾਜਾਖਾਨਾ ਰੇਡ ਪਾਉਣ । ਉਧਰ ਰਾਣਾ ਵੰਝ ਵੀ ਮਾਰਦਾ ਪੱਟ 'ਤੇ ਥਾਪੀਆਂ, ਲਾਈ ਫਿਰਦਾ ਹਰਜੀਤ ਮੂਹਰੇ, ਜੁੜਗੇ ਹੱਥ ਰਾਣੇ ਵੰਝ ਨਾਲ ਪਹਿਲੀ ਹੀ ਰੇਡ 'ਤੇ.. . ਲੈ ਲਿਆ ਹਰਜੀਤ ਨੇ ਪੰਗਾਂ ਰਾਣੇ ਵੰਝ ਨਾਲ .. .. .. । ਸੁਣਦਾ ਚਪੇੜਾਂ ਦਾ ਪਹਿਲੀ ਹੀ ਰੇਡ 'ਤੇ ਖੜਕਾ ਦੂਰ ਤੱਕ .. .. .. । ਰਾਣੇ ਵੰਝ ਨੇ ਚਲਾ ਦਿੱਤੀ ਚਪੇੜਾ ਵਾਲੀ ਮਸ਼ੀਨ, ਅੱਗੇ ਵੀ ਹਰਜੀਤ ਆ, ਉਹ ਆ ਗਿਆ ਪਾਲੇ ਅੰਦਰ ਪੁਆਇੰਟ ਲੈ ਕੇ, ਪੁਆਇੰਟ ਤਾਂ ਹਰਜੀਤ ਦਰਸ਼ਕੋ ਲੈ ਆਇਆ ਪਰ ਸਾਹ ਨਾਲ ਸਾਹ ਨੀ ਸੀ ਰਲਦਾ, ਇਹ ਨੀ ਬਖਸਦਾ ਕਿਸੇ ਨੂੰ.. .., ਸੱਚ ਆ ਦੋਸਤੋ ਹਰਜੀਤ ਦੀ ਵੀ ਬੱਸ ਕਰਵਾ ਦਿੱਤੀ । 3 ਸਾਲ ਲਗਾਤਾਰ ਰਾਣੇ ਵੰਝ ਨੇ ਹਰਜੀਤ ਦੀ ਟੀਮ ਨੂੰ ਹਰਾਇਆ ਸੀ ਆਪਣੀ ਧੱਕੜ ਜਾਫ਼ ਨਾਲ.... ਸਿਰੇ ਦਾ ਜਾਫ਼ੀ ਆ ਰਾਣਾ ਵੰਝ । ਜਿੱਥੇ ਵੀ ਰਾਣੇ ਵੰਝ ਨਾਲ ਹਰਜੀਤ ਦੇ ਸਿੰਗ ਫਸੇ ਹਰਜੀਤ ਨੂੰ ਉਹ ਜੱਫ਼ੇ ਲਾਉਂਦਾ ਰਿਹਾ । ਪਿੰਡ ਢੋਲੜ ਠੱਠੀ ਦੇ ਟੂਰਨਾਂਮੈਂਟ 'ਤੇ ਹਰਜੀਤ ਨੇ 6 ਕਬੱਡੀਆਂ ਪਾਈਆਂ ਤੇ ਰਾਣੇ ਵੰਝ ਨੇ 4 ਜੱਫ਼ੇ ਲਾਏ । ਰਾਣੇ ਵੰਝ ਦੀ ਜਾਫ਼ ਤੋਂ ਖੁਸ਼ ਹੋ ਕੇ ਕੈਨੇਡਾ ਦੀ ਇਕ ਕਲੱਬ ਨੇ ਉਸਨੂੰ ਮੋਟਰ ਸਾਇਕਲ ਦੇ ਕੇ ਸਨਮਾਨਿਤ ਕੀਤਾ ਸੀ 78 ਤੋਂ ਲੈ ਕੇ 2000 ਤੱਕ ਲਗਾਤਾਰ 22 ਸਾਲ ਉਸਨੇ ਖੇਡ ਮੈਦਾਨਾਂ ਵਿਚ ਧੁੰਮਾਂ ਪਾਈਆਂ । ਭਲਾ ਪਾਕਿਸਤਾਨ ਦੀ ਧਰਤੀ ਹੋਵੇ, ਭਾਵੇਂ ਵਿਦੇਸ਼ਾਂ ਦੀ, ਭਾਵੇਂ ਪੰਜਾਬ ਦੀ, ਭਾਵੇਂ ਭਾਰਤ ਦੀ ਉਸਨੇ ਹਰ ਜਗ੍ਹਾ ਜਿੱਤ ਦੇ ਝੰਡੇ ਗੱਡੇ ਹਨ । ਵੇਖਣ ਨੂੰ ਬਿਲਕੁਲ ਸਾਦਾ ਜਿਹਾ ਤੇ ਜਦੋਂ ਕੋਈ ਨਾਂਅ ਪੁੱਛਦਾ ਤੇ ਉਹ ਕਹਿੰਦਾ ਕਿ ਮੈਂ ਜੀ ਰਾਣਾ ਵੰਝ ਆ ਤੇ ਅਗਲਾ ਹੈਰਾਨ ਹੋਇਆ ਦੋ ਮਿੰਟ ਉਸਦੇ ਮੂੰਹ ਵੱਲ ਹੀ ਦੇਖੀ ਜਾਂਦਾ । ਅੱਛਾ ਤੂੰ ਆ ਰਾਣਾ ਵੰਝ .. .. .. । ਬਈ ਤੂੰ ਤਾਂ ਸਿਆਣ 'ਚ ਹੀ ਨਹੀਂ ਆਉਂਦਾ । ਬਹੁਤ ਲੰਬਾ ਸਮਾਂ ਰਾਜ ਕਰਨ ਵਾਲਾ ਕਬੱਡੀ ਦੇ ਮੈਦਾਨਾਂ 'ਚ ਪਰ ਅੱਜ ਵੀ ਉਹ ਕਬੱਡੀ ਲਈ ਜਿਊਂਦਾ ਹੈ । ਅੱਜ ਉਸਦੀ ਤਿਆਰ ਕੀਤੀ ਹੋਈ ਟੀਮ ਮਾਝਾ ਕਬੱਡੀ ਕਲੱਬ ਕਬੱਡੀ ਕੱਪਾਂ ਵਿਚ ਚੰਗੀ ਧਾਕ ਜਮ੍ਹਾ ਚੁੱਕੀ ਹੈ । ਹਰ ਜਗ੍ਹਾ ਉਹ ਆਪਣੀ ਟੀਮ ਨਾਲ ਜਾਂਦਾ ਹੈ ਤੇ ਖਿਡਾਰੀਆਂ ਦੇ ਹੌਸਲੇ ਵਧਾਉਂਦਾ ਹੈ । ਪ੍ਰਮਾਤਮਾਂ ਕਰੇ ਅਜਿਹੇ ਜਰਵਾਣੇ ਗੱਭਰੂ ਪੰਜਾਬ ਦੀ ਧਰਤੀ 'ਤੇ ਪੈਦਾ ਹੁੰਦੇ ਰਹਿਣ ਤੇ ਇਹ ਅਣਮੁੱਲੇ ਹੀਰੇ ਲੰਮੀਆਂ ਉਮਰਾਂ ਜੀਣ, ਸਾਡੀ ਮਾਂ ਖੇਡ ਕਬੱਡੀ ਨੂੰ ਆਪਣੇ ਅਜਿਹੇ ਪੁੱਤਰਾਂ 'ਤੇ ਸਦਾ ਮਾਣ ਰਹੂਗਾ ਤੇ ਖੇਡ ਪ੍ਰੇਮੀ ਅਜਿਹੇ ਗੱਭਰੂ ਨੂੰ ਸਦਾ ਆਪਣੇ ਦਿਲਾਂ ਵਿਚ ਵਸਾਈ ਰੱਖਣਗੇ । ਜੁੱਗ-ਜੁੱਗ ਜੀਣ ਇਹ ਸੀਹਣੀ ਮਾਂ ਦੇ ਜਾਏ ।



ਲੇਖਕ : ਜਗਦੇਵ ਬਰਾੜ

No comments:

Post a Comment