Saturday, August 14, 2010

ਤੁਫ਼ਾਨਾਂ ਤੋਂ ਵੀ ਤੇਜ ਛੂਕਦਾ ਜਾਂਦਾ ਕਬੱਡੀ ਦਾ ਧੱਕੜ ਧਾਵੀ : ਸੁਖਬੀਰ ਸਰਾਵਾਂ

ਤੁਫ਼ਾਨਾਂ ਤੋਂ ਵੀ ਤੇਜ ਛੂਕਦਾ ਜਾਂਦਾ ਕਬੱਡੀ ਦਾ ਧੱਕੜ ਧਾਵੀ : ਸੁਖਬੀਰ ਸਰਾਵਾਂ


ਸੁਖਬੀਰ ਸਰਾਵਾਂ ਖੇਡ ਮੈਦਾਨਾਂ ਅਤੇ ਮਾਂ ਖੇਡ ਕਬੱਡੀ ਦੇ ਪ੍ਰੇਮੀਆਂ ਲਈ ਕੋਈ ਨਵਾਂ ਨਾਂਅ ਨਹੀਂ ਰਿਹਾ। ਖੇਡ ਮੈਦਾਨ ਚਾਹੇ ਕਿਸੇ ਪਿੰਡ ਦਾ ਹੋਵੇ ਜਾਂ ਸ਼ਹਿਰ ਦਾ, ਵੈਨਕੁਵਰ ਦਾ ਤੇ ਜਾਂ ਟੋਰਾਂਟੋ ਦਾ, ਚਾਹੇ ਅਮਰੀਕਾ ਹੋਵੇ ਜਾਂ ਇੰਗਲੈਂਡ.. ਸਰਾਵਾਂ ਪਿੰਡ ਦੇ ਇਸ ਗੱਭਰੂ ਦਾ ਨਾਂਅ ਗੂੰਜਦਾ .. .. ਤੁਫ਼ਾਨਾ ਨੂੰ ਰੋਕਣ ਦਾ ਜੇਰਾ ਰੱਖਣ ਵਾਲੇ ਚੰਦਰੇ ਜਾਫ਼ੀਆਂ ਨੂੰ ਵੀ ਟਿੱਚ ਜਾਣਦਾ ਸੁਖਬੀਰ ਸਰਾਵਾਂ। ਇਸ ਵੇਲੇ ਕਬੱਡੀ ਜਗਤ ਦਾ ਵੱਡਾ ਨਾਂਅ ਹੈ ਸੁਖਬੀਰ ਸਰਾਵਾਂ। ਜਦੋਂ ਉਹ ਟੇਕ ਕੇ ਮੱਥਾ ਧਿਆ ਕੇ ਰੱਬ ਨੂੰ ਬੋਲਦਾ ਵਿਰੋਧੀਆਂ ਦੇ ਘਰ ਹਮਲਾ .. ਤਾਂ ਲੋਕ ਮੂੰਹ ਵਿੱਚ ਉਗਲਾਂ ਪਾ ਲੈਂਦੇ ਆ.. ਸਾਹ ਰੋਕ ਲੈਂਦੇ ਆ.. ਅਤੇ ਜਦੋਂ ਉਹ ਲਾ ਕੇ ਟੱਚ ਨੱਚਦਾ-ਟੱਪਦਾ ਆਉਂਦਾ ਵੱਡੀਆਂ-ਵੱਡੀਆਂ ਪੁਲਾਘਾਂ ਪੁੱਟਦਾ ਤਾਂ ਲੋਕ ਆਸ਼.. ਅਸ਼.. ਕਰ ਉਠਦੇ ਆ.. ..। ਅਕਸਰ ਹੀ ਲੋਕ ਕਹਿੰਦੇ ਵੇਖੇ… .. .. ਜਿਉਂਦਾ ਰਹਿ ਓ ਸ਼ੇਰਾਂ ਨਹੀਂ ਰੀਸਾਂ ਤੇਰੀਆਂ। ਅੱਜ ਪਰਵਾਸੀ ਵੀਰਾਂ ਦੇ ਯਤਨਾਂ ਸਦਕਾ ਪੰਜਾਬ ਅੰਦਰ ਕਬੱਡੀ ਦਾ ਕਰੇਜ਼ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਹ ਸਾਡੇ ਸਾਰਿਆਂ ਲਈ ਬੜੇ ਮਾਣ ਦੀ ਗੱਲ ਹੈ ਪਰ ਜਿਹੜਾ ਨਸ਼ਿਆਂ ਦਾ ਘੁਣ ਸਾਡੇ ਖਿਡਾਰੀਆਂ ਨੂੰ ਅੰਦਰੋਂ ਖੋਖਲਾ ਕਰੀ ਜਾ ਰਿਹਾ ਹੈ। ਬੇਸ਼ੱਕ ਕਬੱਡੀ ਫੈਡਰੇਸ਼ਨਾਂ ਨੇ ਡਰੱਗ ਟੈਸਟ ਵਰਗੇ ਵਧੀਆ ਤੇ ਠੋਸ ਉਪਰਾਲੇ ਕੀਤੇ ਤੇ ਕਾਮਯਾਬ ਵੀ ਹੋਏ ਇਹ ਵੀ ਬੜੀ ਵਧੀਆ ਸੋਚ ਹੈ। ਜਿਹੜਾ ਖਿਡਾਰੀ ਦੁੱਧ ਮੱਖਣਾਂ ਨਾਲ ਪਲਿਆ ਤੇ ਸਵੇਰੇ ਸ਼ਾਮ ਗਰਾਊਂਡ ਵਿੱਚ ਵਰਜਿਸ ਕਰਦਾ, ਅਖ਼ੀਰ ਉਸਨੇ ਹੀ ਨਿੱਤਰਨਾ ਹੈ, ਨਸ਼ਿਆਂ ਨੇ ਕਦੇ ਵੀ ਪਾਰ ਨਹੀਂ ਲਾਉਣਾ। ਪ੍ਰਮਾਤਮਾ ਕਰੇ ਸਾਡੀ ਅਨਮੋਲ ਖੇਡ ਨਸ਼ਿਆਂ ਤੋਂ ਰਹਿਤ ਹੋ ਜਾਵੇ। ਹਥਲੇ ਲੇਖ ਵਿੱਚ ਗੱਲ ਕਰਦੇ ਸੀ ਕਬੱਡੀ ਦੇ ਤੇਜ ਤਰਾਰ ਤੇ ਧੱਕੜ ਰੇਡਰ ਸੁਖਬੀਰ ਸਰਾਵਾਂ ਦੀ ।

ਫਰੀਦਕੋਟ ਜ਼ਿਲੇ ਦੇ ਪਿੰਡ ਸਰਾਵਾਂ ਵਿੱਚ 20 ਜੁਲਾਈ 1982 ਨੂੰ ਸ੍ਰ: ਦਿਲਬਾਗ ਸਿੰਘ ਦੇ ਘਰ ਮਾਤਾ ਸ਼੍ਰੀ ਮਤੀ ਮਹਿੰਦਰ ਕੌਰ ਦੀ ਕੁੱਖੋਂ ਇਸ ਹੋਣਹਾਰ ਕਬੱਡੀ ਖਿਡਾਰੀ ਸੁਖਬੀਰ ਸਰਾਵਾਂ ਦਾ ਜਨਮ ਹੋਇਆ। ਇਹ ਸਾਡੇ ਸਾਰਿਆਂ ਲਈ ਤੇ ਸੁਖਬੀਰ ਦੇ ਪਰਿਵਾਰ ਲਈ ਬੜੇ ਮਾਣ ਦੀ ਗੱਲ ਹੈ ਕਿ ਇੱਕੋ ਪਰਿਵਾਰ ਦੇ ਦੋ ਵੀਰ ਸੁਖਬੀਰ ਸਰਾਵਾਂ ਤੇ ਉਸਦਾ ਭਰਾ ਸੇਵਕ ਸਰਾਵਾਂ ਅੱਜ ਚੋਟੀ ਦੇ ਖਿਡਾਰੀ ਹਨ। ਸੁਖਬੀਰ ਜਿੱਥੇ ਰੇਡਰ ਹੈ ਅਤੇ ਉਸਦਾ ਭਰਾ ਸੇਵਕ ਸਰਾਵਾਂ ਇੱਕ ਧੱਕੜ ਜਾਫ਼ੀ ਵਜੋਂ ਜਾਣਿਆਂ ਜਾਂਦਾ ਹੈ। ਉਸ ਦੀ ਪਕੜ ਐਨੀ ਮਜ਼ਬੂਤ ਹੈ ਕਿ ਰੇਡਰ ਲਈ ਨਿਕਲਣਾ ਔਖਾ ਅਤੇ ਅੱਜ ਉਹ ਵੱਡ ਖਾਣੇ ਜਾਫ਼ੀ ਵਜੋਂ ਵੀ ਜਾਣਿਆ ਜਾਂਦਾ ਹੈ। ਸਾਲ 2003 ਵਿੱਚ ਕਬੱਡੀ ਇੱਕ ਪਿੰਡ ਵਾਰ (ਓਪਨ) ਵਿੱਚ ਸਰਾਵਾਂ ਦੀ ਟੀਮ ਨੇ ਐਂਟਰੀ ਕੀਤੀ ਜੋ ਧੁੰਮਾਂ ਸਰਾਵਾਂ ਦੀ ਟੀਮ ਨੇ ਓਪਨ ਕਬੱਡੀ ਦੇ ਮੈਚਾਂ ਵਿੱਚ ਪਾਈਆਂ, ਉਹਨਾਂ ਨੂੰ ਖੇਡ ਪ੍ਰੇਮੀ ਚਿਰਾਂ ਤੱਕ ਯਾਦ ਰੱਖਣਗੇ। ਪ੍ਰਸਿੱਧ ਕਬੱਡੀ ਖਿਡਾਰੀ ਤੇ ਕੋਚ ਹਰਪ੍ਰੀਤ ਬਾਬਾ ਨੇ ਇਹਨਾਂ ਦੋਵਾਂ ਭਰਾਵਾਂ ਨੂੰ ਖੇਡਦਿਆਂ ਵੇਖਿਆ ਅਤੇ ਉਹ ਝੱਟ ਸਮਝਗੇ ਕਿ ਜੇ ਇਹਨਾਂ ਹੀਰਿਆਂ ਨੂੰ ਹੋਰ ਤਰਾਸਿਆ ਜਾਵੇ ਤਾਂ ਇਹ ਭਰਾ ਵਿਦੇਸ਼ਾਂ ਦੀ ਧਰਤੀ 'ਤੇ ਵੀ ਧੁੰਮਾਂ ਪਾਉਣ ਦੀ ਕਾਬਲੀਅਤ ਰੱਖਦੇ ਹਨ। ਫਿਰ ਕੀ ਸੀ ਹਰਪ੍ਰੀਤ ਬਾਬਾ ਨੇ ਆਪਣੀ ਬਣਾਈ ਹੋਈ ਟੀਮ ''ਹਰਜੀਤ ਬਰਾੜ ਬਾਜਾਖਾਨਾ ਕਬੱਡੀ ਕਲੱਬ'' ਲਈ ਤਿਆਰ ਕਰ ਲਿਆ ਤੇ ਅੱਜ ਹਰਪ੍ਰੀਤ ਬਾਬਾ ਦੀ ਭਵਿੱਖਬਾਣੀ ਸੱਚ ਸਾਬਤ ਹੋਈ ਤੇ ਅੱਜ ਸੁਖਬੀਰ ਦਾ ਨਾਮ ਅੰਤਰ ਰਾਸ਼ਟਰੀ ਪੱਧਰ 'ਤੇ ਧੁੰਮਾਂ ਪਾਉਂਦਾ ਹੈ। ਅਨੇਕਾਂ ਅਵਾਰਡ ਤੇ ਰਿਕਾਰਡ ਸੁਖਬੀਰ ਦੇ ਨਾਮ ਬੋਲਦੇ ਹਨ, ਪੰਜਾਬ ਦਾ ਉਹ ਕੋਈ ਟੂਰਨਾਂਮੈਂਟ ਨਹੀਂ, ਉਹ ਕੋਈ ਕਬੱਡੀ ਕੱਪ ਨਹੀਂ ਜਿੱਥੇ ਸੁਖਬੀਰ ਨੇ ਖੇਡਿਆ ਹੋਵੇ ਤੇ ਨਾ ਜਿੱਤਿਆ ਹੋਵੇ। ਵਿਦੇਸ਼ਾ ਦੀ ਧਰਤੀ 'ਤੇ ਵੀ ਸੁਖਬੀਰ ਅਨੇਕਾਂ ਵਾਰ ਬੈਸਟ ਰੇਡਰ ਦਾ ਖਿਤਾਬ ਜਿੱਤ ਚੁੱਕਿਆ ਹੈ। ਜਾਫ਼ੀ ਤਰਸਦੇ ਰਹਿੰਦੇ ਆ ਸੁਖਵੀਰ ਨੂੰ ਡੱਕਣ ਲਈ ਪਰ ਉਹ ਛੇਤੀ ਹੱਥ ਨਹੀਂ ਆਉਂਦਾ। ਦੁੱਧ ਮੱਖਣਾਂ ਨਾਲ ਪਲੀਆਂ ਜਵਾਨੀਆਂ ਕਿੱਥੇ ਡੱਥ ਹੁੰਦੀਆਂ। ਅਨੇਕਾਂ ਕਬੱਡੀ ਕੱਪਾਂ 'ਤੇ ਜਾਣ ਦਾ ਮੌਕਾ ਮਿਲਦਾ ਹੈ ਤੇ ਅਨੇਕਾਂ ਵਾਰ ਸੁਖਬੀਰ ਦੇ ਮੈਚ ਵੇਖਣ ਨੂੰ ਮਿਲੇ ਪਰ ਕਰਮਪਾਲ ਸਿੰਘ ਸਿੱਧੂ ਮੇਜਰ ਭਲੂਰ ਤੇ ਹੋਰ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਗੋਲਡ ਕਬੱਡੀ ਕੱਪ ਲੰਡੇਕੇ ਵਿਖੇ ਹੋਏ ਮਹਾਂਕੁੰਭ ਦਾ ਨਜ਼ਾਰਾ ਨਹੀਂ ਭੁੱਲਦਾ। ਦਰਸ਼ਕਾਂ ਦਾ ਠਾਠਾ ਮਾਰਦਾਂ ਇਕੱਠ.. ਗਰਾਊਂਡ ਭਿੜਦੇ ਸਾਨ.. ਦਰਸ਼ਕ ਵੀਰ ਵੀ ਖਿਡਾਰੀਆਂ ਜਿੰਹਨਾਂਹੀ ਜੋਰ ਲਾ ਰਹੇ ਹਨ ਇੱਕ ਇੱਕ ਪੁਆਇੰਟ 'ਤੇ। ਇਸ ਗੋਲਡ ਕਬੱਡੀ ਕੱਪ 'ਤੇ ਜਿੱਥੇ ਪ੍ਰਸਿੱਧ ਖਿਡਾਰੀਆਂ ਨੂੰ ਬੁਲਟ ਮੋਟਰ ਸਾਇਕਲ ਦਿੱਤੇ ਜਾਂਦੇ ਹਨ ਉੱਥੇ ਇਸ ਵਾਰ ਸੁਖਬੀਰ ਸਰਾਵਾਂ ਨੂੰ ਬਲੈਰੋ ਗੱਡੀ ਦੇ ਕੇ ਸਨਮਾਨਿਤ ਕੀਤਾ ਗਿਆ। ਆਉ ਮਾਣੀਏ ਮੈਚ ਦਾ ਅਨੰਦ ਤੇ ਸੁਣੀਏ ਕਮੈਂਟਰੀ ਵਾਲੇ ਦੀਆਂ ਖਰੀਆਂ ਖਰੀਆਂ.. .. ਲੋ ਜੀ ਦਰਸ਼ਕੋ ਹੋ ਰਹੇ ਆ ਸ਼ਾਨਾਂ ਦੇ ਭੇੜ ਲੰਢੇਕੇ ਦੀ ਧਰਤੀ 'ਤੇ.. ਆਹ ਫਿਰਦਾ ਵਰਮੱਪ ਹੁੰਦਾ ਸਰਾਵਾਂ ਦੀ ਧਰਤੀ ਦਾ ਜਾਇਆ ਚੋਬਰ ਸੁਖਬੀਰ ਮਾਰਦਾ ਥਾਪੀਆ.. ਇਹਨੂੰ ਰੋਕਣਾ ਕੋਈ ਖਾਲਾ ਜੀ ਦਾ ਵਾੜਾ ਨਹੀ.. ਵੱਜਗੀ ਸੀਟੀ.. ਟੇਕਿਆ ਮੱਥਾ ਤੁਫ਼ਾਨ ਵਰਗੇ ਗੱਭਰੂ ਨੇ.. ਓਏ ਧਿਆਉਂਦਾ ਰੱਬ ਨੂੰ ..। ਸਾਡੀ ਵੀ ਅਰਦਾਸ ਆ ਰੱਬ ਅੱਗੇ ਕਦੇ ਸੱਟ ਨਾ ਵੱਜੇ ਇਹਨਾਂ ਹੀਰਿਆਂ ਦੇ। ਲੋਹੜੇ ਦੀ ਜਾਨ ਰੇਲ ਗੱਡੀ ਤੋਂ ਤੇਜ ਭੱਜਦਾ ਇਹ ਗੱਭਰੂ.. ਔਹ ਮਾਰੀ ਆ ਥਾਪੀ ਕੋਡੀ.. ਕੋਡੀ.. ਕੋਡੀ.. ਲਾਈ ਫਿਰਦਾ ਮੂਹਰੇ ਚਾਰਾਂ ਨੂੰ.. .. ਅੋਹ ਲੱਗ ਗਿਆ ਟੱਚ.. ਭਿੜ ਪਏ ਸਾਨ ਵੱਜਦੀਆਂ ਧੋਲਾਂ ਸੁਣਦੇ ਆ ਚਪੇੜਾਂ ਦੇ ਖੜ•ਕੇ.. ਉਹ ਲਾਹਤਾ ਪਾਸੇ.. .. ਨੱਚਦਾ-ਟੱਪਦਾ ਆਉਂਦਾ ਪੁਆਇੰਟ ਲੈ ਕੇ ਸੁਖਬੀਰ ਸਰਾਵਾਂ ਦਾ.. .. ਗੋਰਾ ਰੰਗ ਚੱਕੀ ਦੇ ਪੂੜ ਵਰਗੀ ਛਾਤੀ ਅੱਥਰੀ ਜਵਾਨੀ ਮਾਰਦੀ ਆ ਬੜਕਾ.. .. ਜਦੋਂ ਸੁਖਬੀਰ ਪੁਆਇੰਟ ਲੈ ਕੇ ਆਉਂਦਾ.. ਦਰਸ਼ਕ ਵੀ ਨੱਚਨ ਲੱਗੇ ਪੈਂਦੇ .. .. ਸੁਖਬੀਰ ਨੂੰ ਰੋਕਣਾ ਸੋਖਾ ਨਹੀਂ..। ਅੱਜ ਕਬੱਡੀ ਕੱਪਾਂ ਵਿੱਚ ਉਸਦੇ ਨਾਮ ਦੀ ਤੂਤੀ ਬੋਲਦੀ ਹੈ। ਇਹ ਉਹ ਹੀ ਸੁਖਬੀਰ ਹੈ ਜਿਸ ਨੂੰ 07 ਵਿੱਚ ਲੰਢੇਕੇ ਦੀ ਧਰਤੀ 'ਤੇ ਬੁਲਟ ਮੋਟਰ ਸਾਇਕਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਧਰਤੀ 'ਤੇ ਹੀ 2010 ਵਿੱਚ ਬੋਲੈਰੋ ਗੱਡੀ ਦੇ ਕੇ ਸਨਮਾਨਿਤ ਕੀਤਾ ਗਿਆ। ਅਨੇਕਾਂ ਮਾਨ ਸਨਮਾਨ ਆਪਣੀ ਝੋਲੀ ਪਵਾਉਣ ਵਾਲਾ ਸੁਖਬੀਰ ਸਰਾਵਾਂ ਜਿੱਥੇ ਧੱਕੜ ਰੇਡਰ ਵਜੋਂ ਦੇਸ਼ਾ ਵਿਦੇਸ਼ਾ ਵਿੱਚ ਜਾਣਿਆਂ ਜਾਂਦਾ ਹੈ ਉੱਥੇ ਉਹ ਬੇਹੱਦ ਨਿਮਰਤਾ ਭਰਿਆ ਇਨਸਾਨ ਵੀ ਹੈ। ਇੱਥੋਂ ਤੱਕ ਪਹੁੰਚਣ 'ਤੇ ਉਹ ਜਿੱਥੇ ਆਪਣੇ ਮਾਂ ਬਾਪ ਦਾ ਸਹਿਯੋਗ ਕਦੇ ਨਹੀਂ ਭੁੱਲਦਾ ਉੱਥੇ ਉਹ ਕਬੱਡੀ ਕੋਚ ਹਰਪ੍ਰੀਤ ਬਾਬਾ ਦਾ ਵਿਸ਼ੇਸ਼ ਸਹਿਯੋਗ ਦਾ ਜ਼ਿਕਰ ਵੀ ਵਾਰ-ਵਾਰ ਕਰਦਾ ਰਹਿੰਦਾ ਹੈ। ਸੁਖਬੀਰ ਸਰਾਵਾਂ ਅੱਜ ਕਬੱਡੀ ਜਗਤ ਦਾ ਵੱਡਾ ਨਾਂਅ ਹੈ ਤੇ ਉਹ ਹਰ ਸਾਲ ਕੈਨੇਡਾ ਕਬੱਡੀ ਸੀਜਨ ਵੀ ਖੇਡਣ ਜਾਂਦਾ ਹੈ। ਇੰਗਲੈਂਡ ਦੀ ਧਰਤੀ 'ਤੇ ਸ਼੍ਰੀ ਗੁਰੂ ਸਿੰਘ ਸਭਾ ਬਾਰਕਿੰਗ ਦੀ ਟੀਮ ਵੱਲੋਂ ਖੇਡਦਾ ਹੈ.. ..।

ਰੱਬ ਕਰੇ ਸੁਖਬੀਰ ਸਰਾਵਾਂ ਇਸੇ ਤਰ੍ਹਾਂਖੇਡ ਮੈਦਾਨਾਂ ਅੰਦਰ ਸ਼ੇਰ ਵਾਂਗ ਬੁੱਕਦਾ ਰਹੇ ।


ਲੇਖਕ : ਜਗਦੇਵ ਬਰਾੜ

No comments:

Post a Comment