Saturday, August 14, 2010

ਅੰਡਰ ਟੇਕਰ ਵਰਗੇ ਖ਼ਤਰਨਾਕ ਪਹਿਲਵਾਨਾਂ ਦੀ ਗੋਡਨੀ ਲਵਾਕੇ ਬਣਿਆ ''ਦ ਗ੍ਰੇਟ ਖਲੀ'' ਦਲੀਪ ਸਿੰਘ ਰਾਣਾ

ਅੰਡਰ ਟੇਕਰ ਵਰਗੇ ਖ਼ਤਰਨਾਕ ਪਹਿਲਵਾਨਾਂ ਦੀ ਗੋਡਨੀ ਲਵਾਕੇ ਬਣਿਆ ''ਦ ਗ੍ਰੇਟ ਖਲੀ'' ਦਲੀਪ ਸਿੰਘ ਰਾਣਾ


ਕੁਝ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਕਿਸਮਤ ਵਿਚ ਜੋ ਲਿਖਿਆ ਹੁੰਦਾ ਹੈ ਇਨਸਾਨ ਨੂੰ ਉਹੀ ਮਿਲਦਾ ਹੈ ਤੇ ਕਈਆਂ ਦਾ ਕਹਿਣਾ ਹੈ ਕਿ ਹਿੰਮਤੀ ਲੋਕ ਸੰਘਰਸ਼ੀ ਲੋਕ ਕਰੜੇ ਸੰਘਰਸ਼ ਨਾਲ ਕਿਸਮਤ ਪਲਟ ਦਿੰਦੇ ਹਨ। ਇਹ ਗੱਲ ਬਿਲਕੁਲ ਸਹੀ ਜਾਪਦੀ ਏ। ਕੱਲਾ ਕਿਸਮਤ ਨੂੰ ਕੋਸ਼ੀ ਜਾਣਾ ਊਠ ਨੂੰ ਮੋਰੀ ਵਿਚ ਦੀ ਲੰਘਾਉਣ ਬਰਾਬਰ ਹੈ। ਹਿੰਮਤ ਨਾਲ ਹੀ ਕਿਸਮਤ ਬਦਲਦੀ ਹੈ, ਜੇ ਕਿਸੇ ਨੂੰ ਨਹੀਂ ਵਿਸ਼ਵਾਸ਼ ਤਾਂ ਦਲੀਪ ਸਿੰਘ ਰਾਣਾ ਉਰਫ਼ ਦ ਗ੍ਰੇਟ ਖਲੀ ਤੋਂ ਪੁੱਛ ਲੋਵੋ। ਦਲੀਪ ਸਿੰਘ ਨੂੰ ਰੱਬ ਨੇ ਉੱਚਾ ਲੰਮਾ ਕੱਦ ਕਾਠ ਬਖਸ਼ਿਆ ਹੈ ਪਰ ਜੇ ਉਹ ਮਿਹਨਤ ਨਾ ਕਰਦਾ ਸਰੀਰ ਨੂੰ ਪ੍ਰੈਕਟਿਸ ਨਾਲ ਸਵਾਰਦਾ ਨਾ ਤਾਂ ਅੱਜ ਉਹ ਦੁਨੀਆਂ ਭਰ ਵਿਚ ਪ੍ਰਸਿੱਧ ਨਾ ਹੁੰਦਾ ਜੇ ਓਸ ਨੇ ਹਿੰਮਤ ਕੀਤੀ ਤਾਂ ਹੀ ਉਸ ਦੀ ਕਿਸਮਤ ਚਮਕੀ। ਜੇ ਦਲੀਪ ਸਿੰਘ ਦੇ ਪਿਛੋਕੜ 'ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹ ਇਕ ਸਧਾਰਨ ਪਰਿਵਾਰ ਦਾ ਪੁੱਤਰ ਹੈ। ਉਸਦੇ ਘਰ ਕੋਈ ਵਿਦੇਸ਼ੀ ਮਸ਼ੀਨਾਂ ਨਹੀਂ ਸਨ ਕਸਰਤ ਕਰਨ ਵਾਲੀਆਂ। ਇਕ ਗਰੀਬ ਪਰਿਵਾਰ ਦਾ ਇਹ ਹੋਣਹਾਰ ਪੁੱਤਰ ਸੰਘਰਸ਼ ਕਰਕੇ ਹੀ ਹੀਰਾ ਬਣਿਆ ਹੈ। ਦੁਨੀਆਂ ਭਰ ਦੇ ਵੱਡੇ-ਵੱਡੇ ਖ਼ਤਰਨਾਕ ਪਹਿਲਵਾਨਾਂ ਨੂੰ ਨਾਨੀ ਚੇਤੇ ਕਰਵਾਉਣ ਵਾਲੇ ਦਲੀਪ ਸਿੰਘ ਖਲੀ ਦਾ ਜਨਮ ਹਿਮਾਚਲ ਦੇ ਪਛੜੇ ਜ਼ਿਲਾ ਸਿਰਮੌਰ ਦੇ ਦੁਰਗਮ ਖੇਤਰ ਸਿਲਾਈ ਵਿਕਾਸ ਖੰਡ ਦੇ ਪਿੰਡ ਧੀਰਾ ਓਨੀ ਵਿਖੇ ਪਿਤਾ ਸ਼੍ਰੀ ਜਵਾਲਾ ਰਾਮ ਦੇ ਘਰ ਮਾਤਾ ਚੰਡੀ ਦੇਵੀ ਦੀ ਕੁੱਖੋਂ 11 ਅਗਸਤ 1973 ਨੂੰ ਹੋਇਆ। ਸੱਤ ਭਰਾ ਤੇ ਇਕ ਭੈਣ ਦੇ ਇਸ ਹੋਣਹਾਰ ਵੀਰ ਦਾ ਕੱਦ 7 ਫੁੱਟ 3 ਇੰਚ ਹੈ। ਕੁਦਰਤੀ ਸਾਰੇ ਪਰਿਵਾਰ ਚੋਂ ਹੀ ਦਲੀਪ ਸਿੰਘ ਦਾ ਕੱਦ ਵਿਸ਼ਾਲ ਹੈ ਅੱਜ ਦੁਨੀਆ ਭਰ ਦੇ ਲੋਕ ਦਲੀਪ ਸਿੰਘ ਨੂੰ ਵੇਖਣ ਲਈ ਤਰਸਦੇ ਹਨ। ਦੁਨੀਆਂ ਭਰ ਵਿਚ ਉਸ ਦੀ ਫਾਈਟ ਦਾ ਇੰਤਜਾਰ ਰਹਿੰਦਾ ਹੈ। ਲੋਕ ਇਕ ਦੂਜੇ ਨਾਲ ਗੱਲਾਂ ਕਰਦੇ ਹਨ ਯਾਰ ਦਲੀਪ ਸਿੰਘ ਦੀ ਫਾਈਟ ਕਦੋਂ ਆ। ਇਸ ਵਾਰ ਉਸ ਦਾ ਮੁਕਾਬਲੇ ਕਿਹੜੇ ਪਹਿਲਵਾਨ ਨਾਲ ਆ। ਜੇ ਅੱਗੋਂ ਅਗਲਾ ਕਹੇ ਦਲੀਪ ਦੀ ਫਾਈਟ ਤਾਂ ਕੱਲ ਸੀ ਉਸ ਨੇ ਫਲਾਨੇ ਪਹਿਲਵਾਨ ਨੂੰ ਕੱਲ ਬਹੁਤ ਧੂੜ ਚਟਾਈ ਤਾਂ ਪੁੱਛਣ ਵਾਲੇ ਨੂੰ ਮੀਂਹ ਨਾਲ ਮਰੇ ਝੋਨੇ ਜਿੰਹਨਾਂ ਅਫ਼ਸੋਸ਼ ਹੋ ਜਾਂਦਾ। ਯਾਰ ਉਹ ਤਾਂ ਮੁਕਾਬਲਾ ਵੇਖਣ ਵਾਲਾ ਸੀ। ਦਲੀਪ ਸਿੰਘ ਨਾਲ ਭਿੜਨ ਵਾਲੇ ਪਹਿਲਵਾਨਾਂ ਨੂੰ ਵੀ ਦਾਦ ਦੇਣੀ ਬਣਦੀ ਹੈ ਜਿਹੜੇ ਐਡੇ ਪਹਾੜ ਵਰਗੇ ਦੇ ਮੂਹਰੇ ਖੜਦੇ ਆ। ਤਕਰੀਬਨ ਦਲੀਪ ਸਿੰਘ ਨਾਲ ਸਾਰੇ ਹੀ ਖ਼ਤਰਨਾਕ ਪਹਿਲਵਾਨਾਂ ਦੇ ਸਿੰਗ ਫਸੇ ਹਨ ਪਰ ਦਲੀਪ ਸਿੰਘ ਸ਼ੇਰ ਵਾਂਗ ਅਖਾੜੇ ਵਿਚ ਬੁੱਕਦਾ ਹੈ। ਬੀਤੇ ਦਿਨੀਂ ਮੋਗੇ ਦੇ ਹਿੰਮਤੀ ਤੇ ਬਰਾਊਨ ਮੈਡਲ ਵਿਜੇਤਾ ਹਰਵਿੰਦਰ ਸਿੰਘ ਸਲ੍ਹੀਣਾ ਦੇ ਕਰਕੇ ਗਰੇਟ ਖਲੀ ਨੂੰ ਮਿਲਣ ਦਾ ਮੌਕਾ ਮਿਲਿਆ। ਇਨੀਂ ਨਿਮਰਤਾ ਮੈਂ ਅੱਜ ਤੱਕ ਕਿਸੇ ਇਨਸਾਨ ਨਹੀਂ ਵੇਖੀ। ਸ਼ੌਹਰਤਾਂ ਦੀਆਂ ਬੁਲੰਦੀਆਂ ਛੂਹਣ ਵਾਲਾ ਖਲੀ ਮੈਨੂੰ ਇੰਝ ਮਿਲਿਆ ਜਿਵੇਂ ਮੈਂ ਚਿਰਾਂ ਤੋਂ ਜਾਣਦਾ ਹੋਵਾਂ। ਕਈ ਗੱਲਾਂ ਬਾਤਾਂ ਖਲੀ ਨਾਲ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਮੇਰੀ ਪੁਸਤਕ ''ਸ਼ੇਰ ਮੈਦਾਨਾਂ ਦੇ'' ਭਾਗ 1 ਵੀ ਰੀਲੀਜ਼ ਕੀਤੀ।

ਦਲੀਪ ਸਿੰਘ ਦੇ ਪਿਛੋਕੜ ਬਾਰੇ ਪਾਠਕਾਂ ਦੀ ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਦਲੀਪ ਸਿੰਘ ਦੇ ਪਰਿਵਾਰ ਦੀ ਹਾਲਤ ਬੇਹੱਦ ਨਾਜ਼ੁਕ ਸੀ। ਗੁਰਬਤ ਦੀ ਜ਼ਿੰਦਗੀ ਜੀ ਰਿਹਾ ਸੀ ਇਹ ਪਰਿਵਾਰ। ਫਿਰ ਦਲੀਪ ਸਿੰਘ ਪੀ.ਏ.ਪੀ. ਵਿਚ ਭਰਤੀ ਹੋ ਗਿਆ। ਭਰਤੀ ਹੋਣ ਤੋਂ ਪਹਿਲਾਂ ਦਲੀਪ ਨੇ ਅਨੇਕਾਂ ਹੋ ਨੌਕਰੀਆਂ ਕੀਤੀਆਂ। ਪਰਿਵਾਰ ਦੀ ਹਾਲਤ ਸੁਧਾਰਨ ਦੇ ਉਸਨੇ ਅਨੇਕਾਂ ਯਤਨ ਕੀਤੇ। ਬਹੁਤ ਸੰਘਰਸ਼ ਕੀਤਾ। ਉਸ ਨ ਪੱਥਰ ਤੋੜਨ ਦੀ ਨੌਕਰੀ ਤੋਂ ਲੈ ਕੇ ਹੋਰ ਕਈ ਛੋਟੀਆਂ ਮੋਟੀਆਂ ਨੌਕਰੀਆਂ ਕੀਤੀਆਂ। ਕੁਦਰਤ ਦੀ ਕ੍ਰਿਪਾ ਨਾਲ ਦਲੀਪ 'ਤੇ ਪੰਜਾਬ ਪੁਲਿਸ ਦੀ ਵਿਲੱਖਣ ਸਖ਼ਸ਼ੀਅਤ ਖੇਡਾਂ ਦੇ ਮਸੀਹਾ ਸ੍ਰ: ਮਹਿਲ ਸਿੰਘ ਭੁੱਲਰ ਸਾਬਕਾ ਡੀ.ਜੀ.ਪੀ.ਪੰਜਾਬ ਦੀ ਸਵੱਲੀ ਨਜ਼ਰ ਪੈ ਗਈ। ਸ਼੍ਰੀ ਭੁੱਲਰ ਦੀ ਪਾਰਖੂ ਨਜ਼ਰ ਨੇ ਦਲੀਪ ਦੇ ਭਾਰੀ ਭਰਕਮ ਸਰੀਰ ਨੂੰ ਪਰਖ ਲਿਆ। ਸ੍ਰ: ਭੁੱਲਰ ਨੇ ਮਨ-ਹੀ-ਮਨ ਅੰਦਰ ਇਹ ਸੋਚ ਲਿਆ ਸੀ ਕਿ ਦੀਲਪ ਸਿੰਘ ਇਕ ਦਿਨ ਜ਼ਰੂਰ ਦੁਨੀਆਂ ਵਿਚ ਤਹਿਲਕਾ ਮਚਾਉਗਾ। ਸੋ ਉਹਨਾਂ ਨੇ ਦਲੀਪ ਸਿੰਘ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰ ਲਿਆ। ਫਿਰ ਕੀ ਸੀ ਨੌਕਰੀ ਦੀ ਚਿੰਤਾ ਖ਼ਤਮ ਹੋਈ ਤੇ ਦਲੀਪ ਨੇ ਕੁਸ਼ਤੀ ਵੱਲ ਧਿਆਨ ਦੇ ਦਿੱਤਾ। ਦਲੀਪ ਸਿੰਘ ਨੇ ਸ਼ੁਰੂ ਤੋਂ ਹੀ ਸ਼ਾਟਪੁੱਟ ਖੇਡਾਂ ਵਿਚ ਕਾਫ਼ੀ ਮਿਹਨਤ ਕੀਤੀ। ਪਰ ਬਾਅਦ ਵਿਚ ਨਾਲ ਦੇ ਸਾਥੀ ਖਿਡਾਰੀਆਂ ਨੇ ਦਲੀਪ ਨੂੰ ਸਲਾਹ ਦਿੱਤੀ ਕਿ ਤੇਰੇ ਵਾਸਤੇ ਬਾਡੀ ਬਿਲਡਿੰਗ ਖੇਡ ਵਧੀਆ ਰਹੂਗੀ। ਦਲੀਪ ਸਿੰਘ ਨੂੰ ਵੀ ਇਹ ਗੱਲ ਜਚ ਗਈ ਉਸਨੇ ਸ਼ਾਟਪੁੱਟ ਛੱਡਕੇ ਦਿਨ ਰਾਤ ਬਾਡੀ ਬਿਲਡਿੰਗ ਵਿਚ ਮਿਹਨਤ ਕੀਤੀ। ਬੇਸ਼ੱਕ ਕੱਦ ਕਾਠ ਦਲੀਪ ਨੂੰ ਕੁਦਰਤ ਦੀ ਦੇਣ ਹੈ ਪਰ ਉਸਨੇ ਵੀ ਆਪਣੇ ਵੱਲੋਂ ਇਸ ਦੇਹ ਨੂੰ ਕਸਰਤ ਕਰਕੇ ਚੁਸਤ ਫੁਰਤ ਅਤੇ ਫਿੱਟ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਜਿਸ ਦੇ ਨੀਤਜੇ ਵਜੋਂ ਉਸ ਨੇ ਥੋੜੇ ਸਮੇਂ ਵਿਚ ਦੋ ਵਾਰ ਮਿਸਟਰ ਇੰਡੀਆ ਅਤੇ ਚਾਰ ਵਾਰ ਮਿਸਟਰ ਨਾਰਥ ਇਡੀਆ ਅਤੇ ਅਨੇਕਾਂ ਵਾਰ ਪੁਲਿਸ ਵਿਭਾਗ ਦੇ ਮੁਕਾਬਲਿਆਂ ਵਿਚ ਜਿੱਤ ਹਾਸਲ ਕੀਤੀ ਤੇ ਅੱਜ ਕੱਲ ਡਬਲਯੂ ਡਬਲਯੂ ਈ. ਸਮੈਕ ਡਾਊਨ ਮੁਕਾਬਲਿਆਂ ਵਿਚ ਉਹ ਕਿਸੇ ਨੂੰ ਖੰਘਣ ਵੀ ਨਹੀਂ ਦਿੰਦਾ। ਪਿੱਛੇ ਜਿਹੇ ਉਸਨੇ ਡਬਲਯੂ ਡਬਲਯੂ ਈ. ਸਮੈਕ ਡਾਊਨ ਮੁਕਾਬਲੇ ਦੀ 20 ਮੈਨ ਫਾਈਟ ਦੇ ਆਖ਼ਰੀ ਪੜਾਅ ਵਿਚ ਚੈਂਪੀਅਨ ਰਹੇ। ਕੈਨ ਅਤੇ ਬਤਿਸਤਾ ਨੂੰ ਰਿੰਗ ਵਿਚ ਪਛਾੜ ਕੇ ਡਬਲਯੂ.ਡਬਲਯੂ. ਈ. ਦੇ ਹੈਵੀਵੇਟ ਚੈਂਪੀਅਨ ਬਣ ਕੇ ਦਲੀਪ ਸਿੰਘ ਰਾਣਾ ਨੇ ਦੁਨੀਆਂ ਭਰ ਗਦਰ ਮਚਾ ਦਿੱਤੀ।

ਦਲੀਪ ਸਿੰਘ ਦੇ ਬੁੱਢੇ ਮਾਤਾ-ਪਿਤਾ ਉਸ ਦੇ ਭੈਣ ਭਰਾ ਤੇ ਪਿੰਡ ਵਾਸੀ ਆਪਣੇ ਇਸ ਬੱਬਰ ਸ਼ੇਰ ਦੀ ਸਿਫ਼ਤ ਕਰਦੇ ਨਹੀਂ ਥੱਕਦੇ। ਉਹਨਾਂ ਨੂੰ ਮਾਣ ਹੈ ਆਪਣੇ ਦਲੀਪੇ 'ਤੇ ਅਤੇ ਦੁਨੀਆਂ ਨੂੰ ਮਾਣ ਹੈ ਦ ਗ੍ਰੇਟ ਖਲੀ ਉਰਫ਼ ਦਲੀਪ 'ਤੇ। ਅਮਰੀਕਾ ਵਿਖੇ ਵਰਲਡ ਰੈਸਲਿੰਗ ਐਟਰਟੇਨਮੈਂਟ (ਡਬਲਯੂ.ਡਬਲਯੂ.ਈ.)ਵਿਖੇ ਆਪਣੀ ਕਾਮਯਾਬੀ ਦੇ ਝੰਡੇ ਗੱਡਣ ਨਾਲ ਭਾਰਤ ਦਾ ਮਾਣ ਨਾਲ ਸਿਰ ਉੱਚਾ ਚੁੱਕਿਆ ਹੈ ਖਲੀ ਨੇ। ਪਹਿਲਾ ਦੁਨੀਆਂ ਦੇ ਤਾਕਤਵਰ ਤੇ ਬੇਹੱਦ ਖ਼ਤਰਨਾਕ ਪਹਿਲਵਾਨ ਅੰਡਰ ਟੇਕਰ ਨੂੰ ਨਾਨੀਯਾਦ ਕਰਾ ਦਿੱਤੀ। ਅੰਡਰਟੇਕਰ ਨੂੰ ਚਾਰੇ ਖਾਨੇ ਚਿੱਤ ਕਰਕੇ ਵਿਸ਼ਵ ਕਸ਼ਤੀ 'ਚ ਆਪਣੀ ਅਤੇ ਭਾਰਤ ਦੀ ਬੱਲੇ ਬੱਲੇ ਕਰਵਾ ਦਿੱਤੀ । ਇਸ ਪੰਜਾਬ ਪੁਲਿਸ ਦੇ ਸ਼ੇਰ ਨੇ ਦੁਨੀਆਂ ਭਰ ਦੇ ਦਰਸ਼ਕ ਅੰਡਰਟੇਕਰ ਨੂੰ ਦਲੀਪ ਸਿੰਘ ਮੂਹਰੇ ਬੱਚੇ ਵਾਂਗ ਭੱਜੇ ਫਿਰਦੇ ਨੂੰ ਵੇਖ ਕੇ ਦੰਗ ਰਹਿ ਗਏ। ਇਸ ਪਹਾੜ ਜਿੱਡੇ ਤਾਕਤਵਰ ਭਾਰਤ ਦੇ ਗੱਭਰੂ ਨੂੰ ਹਰਾਉਣਾ ਸ਼ਾਇਦ ਕਿਸੇ ਦੇ ਵੱਸ ਦੀ ਗੱਲ ਨਹੀਂ।

ਜ਼ਿਕਰਯੋਗ ਹੈ ਕਿ ਡਬਲਯੂ.ਡਬਲਯੂ. ਈ. ਦੀ ਕੁਸ਼ਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ 'ਚ ਸਾਨਾ ਵਾਂਗ ਭਿੜਨ ਵਾਲੇ ਪਹਿਲਵਾਨਾਂ ਤੋਂ ਲਿਖਵਾ ਲਿਆ ਜਾਂਦਾ ਹੈ ਕਿ ਜੇਕਰ ਕੁਸ਼ਤੀ ਦੌਰਾਨ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਜਾਂ ਦੋਵਾਂ ਪਹਿਲਵਾਨਾਂ ਚੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਲਈ ਖੁਦ ਪਹਿਲਵਾਨ ਹੀ ਜ਼ਿੰਮੇਵਾਰ ਹੈ ਨਾ ਕਿ ਡਬਲਯੂ.ਡਬਲਯੂ.ਈ.।

ਦਲੀਪ ਸਿੰਘ ਦੇ ਪਿੰਡ ਵਿਚ ਕੇਬਲ ਤਾਰ ਨਹੀਂ ਹੈ ਜਿਸ ਕਰਕੇ ਦਲੀਪ ਸਿੰਘ ਦੀ ਕੁਸ਼ਤੀ ਵੇਖਣ ਤੋਂ ਪਿੰਡ ਵਾਸੀ ਅਤੇ ਘਰ ਵਾਲੇ ਵਾਂਝੇ ਰਹਿ ਜਾਂਦੇ ਸਨ । ਜਦੋਂ ਕੋਈ ਸ਼ਹਿਰ ਵਿਚਲਾ ਦਲੀਪ ਸਿੰਘ ਦੇ ਘਰ ਆ ਕੇ ਦੱਸਦਾ ਹੈ ਕਿ ਬੇਬੇ ਤੇਰੇ ਪੁੱਤ ਨੇ ਅੱਜ ਅੰਡਰਟੇਕਰ ਦੀਆਂ ਨੇਰੀਆਂ ਲਿਆ ਦਿੱਤੀਆਂ ਤਾਂ ਬੇਬੇ ਅੱਗੋਂ ਕਹਿੰਦੀ ਹੈ .. .. ਸ਼ੁਕਰ ਆ ਸ਼ੁਕਰ ਆ ਰੱਬ ਉਹਦੇ 'ਤੇ ਮੇਹਰ ਕਰੇ। ਕਦੇ ਕਦੇ ਉਹ ਆਪਣੇ ਪੁੱਤ ਦੀ ਕੁਸ਼ਤੀ ਵੇਖਣ ਲਈ ਆਪਣੇ ਪੁੱਤਰਾਂ ਨਾਲ ਸ਼ਹਿਰ ਨੂੰ ਜਾਇਆ ਕਰਦੀ ਹੈ। ਦਲੀਪ ਸਿੰਘ ਦੀ ਮਾਂ ਨੇ ਦਲੀਪ ਦੀ ਫਾਈਟ ਪਹਿਲੀ ਵਾਰ ਜਲੰਧਰ ਵੇਖੀ ਸੀ। ਬੇਸ਼ੱਕ ਦਲੀਪ ਸਿੰਘ ਨੂੰ ਆਪਣੇ ਪਿੰਡ ਨਾਲ ਅੰਤਾਂ ਦਾ ਮੋਹ ਹੈ ਪਰ ਹੁਣ ਉਸ ਦਾ ਪਰਿਵਾਰ ਜੱਦੀ ਪਿੰਡ ਛੱਡਕੇ ਦਲੀਪ ਸਿੰਘ ਵੱਲੋਂ ਬਣਾਏ ਗਏ ਨਵੇਂ ਮਕਾਨ ਵਿਚ ਪਿੰਡ ਨੈਨੀਪਾਰ ਵਿਚ ਰਹਿਣ ਲੱਗ ਪਿਆ ਹੈ। ਕੁਸ਼ਤੀ ਵਾਲੇ ਦਿਨ ਖਲੀ ਦੀ ਮਾਂ ਵਰਤ ਰੱਖਦੀ ਹੈ ਤੇ ਆਪਣੇ ਪੁੱਤ ਦੀ ਜਿੱਤ ਲਈ ਦੁਆ ਮੰਗਦੀ ਹੈ। ਉਹ ਆਪਣੇ ਪੁੱਤ ਨੂੰ ਹਾਰ ਦਾ ਨਹੀਂ ਵੇਖ ਸਕਦੀ। ਦਲੀਪ ਸਿੰਘ ਦੇ ਪਿੰਡ ਧੀਰਾÂਨੀ ਦੇ ਲੋਕਾਂ ਅਨੁਸਾਰ ਇਸ ਪਿੰਡ ਨੂੰ ਭੋਲੇਸ਼ੰਕਰ ਦਾ ਵਰਦਾਨ ਮਿਲਿਆ ਹੋਇਆ ਹੈ। ਪਿਛਲੀਆਂ ਕਈ ਪੀੜੀਆਂ ਤੋਂ ਇੱਥੇ ਸ਼ਕਤੀਸ਼ਾਲੀ ਸਰੀਰ ਵਾਲੇ ਇਨਸਾਨ ਪੈਦਾ ਹੋਏ ਹਨ ਜਿੰਹਨਾਂ ਵਿਚੋਂ ਦਲੀਪ ਸਿੰਘ ਦਾ ਪੜਦਾਦਾ ਸਿੱਧੂ ਰਾਮ ਦੀ ਉਚਾਈ 7 ਫੁੱਟ 8 ਇੰਚ ਸੀ। ਦਲੀਪ ਸਿੰਘ ਆਪਣੀ ਮਿਹਨਤ ਤੇ ਭਾਰੀ ਸਰੀਰ ਨਾਲ ਅੱਜ ਰੈਸਲਿੰਗ ਦੀ ਦੁਨੀਆਂ ਦਾ ਬਾਦਸ਼ਾਹ ਬਣ ਗਿਆ। ਹੋਰਾਂ ਸ਼ਹਿਰਾਂ ਤੋਂ ਇਲਾਵਾ ਅਮਰੀਕਾ, ਜਪਾਨ ਦੋਵਾਂ ਦੇਸ਼ਾਂ ਵਿਚ ਹੀ ਆਪਣੀ ਜਿੱਤ ਨੂੰ ਬਰਕਰਾਰ ਰੱਖਦਿਆਂ ਦ ਗ੍ਰੇਟ ਖਲੀ ਹੁਣ ਤੱਕ 200 ਦੇ ਲਗਭਗ ਮੁਕਾਬਲਿਆਂ ਵਿਚ ਜਿੱਤ ਹਾਸਲ ਕਰ ਚੁੱਕਾ ਹੈ। ਦੁਨੀਆਂ ਭਰ ਵਿਚ ਸਾਬਕਾ ਡੀ.ਜੀ.ਪੀ. ਪੰਜਾਬ ਸ੍ਰ: ਮਹਿਲ ਸਿੰਘ ਭੁੱਲਰ ਦੀ ਸਿਫ਼ਤ ਦੇ ਵੀ ਚਰਚੇ ਹਨ ਜਿਸਨੇ ਇਸ ਪਹਿਲਵਾਨ ਦਾ ਭਵਿੱਖ ਸਵਾਰਕੇ ਇਸ ਨੂੰ ਅੱਜ ਉਸ ਜਗ੍ਹਾਂ ਖੜ੍ਹਾਂ ਕਰ ਦਿੱਤਾ ਜਿੱਥੇ ਦੁਨੀਆਂ ਦੇ ਤਕੜੇ ਪਹਿਲਵਾਨ ਵੀ ਦਲੀਪ ਤੋਂ ਕੰਨੀ ਕਤਰਾਉਂਦੇ ਹਨ। ਦਲੀਪ ਸਿੰਘ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਹੁਣ ਅਮਰੀਕਾ ਵਿਖੇ ਰਹਿਣਾ ਪਸ਼ੰਦ ਕਰਦੇ ਹਨ ਤਾਂ ਉਸਦਾ ਜਵਾਬ ਸੀ ਕਿ ਉਹ ਆਪਣੀ ਮਿੱਟੀ ਨੂੰ ਬਹੁਤ ਪਿਆਰ ਕਰਦਾ ਹੈ, ਇਸ ਕਰਕੇ ਉਹ ਇਸ ਨੂੰ ਕਦੇ ਵੀ ਨਹੀਂ ਛੱਡੇਗਾ। ਦਲੀਪ ਸਿੰਘ ਹੁਣ ਆਪਣੀ ਪਤਨੀ ਗੁੱਡੀ ਦੇਵੀ ਅਤੇ ਭਰਾ ਸੁਰਿੰਦਰ ਲਾਲ ਨਾਲ ਰਹਿ ਰਿਹਾ ਹੈ। ਰੱਬ ਅੱਗੇ ਦੁਆ ਹੈ ਕਿ ਇਹ ਸੀਹਨੀ ਮਾਂ ਦਾ ਜਾਇਆ ਇਸੇ ਤਰ੍ਹਾਂ ਮੁਕਾਬਲਿਆਂ ਵਿਚ ਧੂੜਾ ਪੁੱਟ ਦਾ ਰਹੇ ਤਾਂ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰਦਾ ਰਹੇ ।

ਲੇਖਕ : ਜਗਦੇਵ ਬਰਾੜ

No comments:

Post a Comment