Monday, August 23, 2010

ਕੌਣ ਸੰਭਾਲੂ ਇਹਨਾਂ ਹੀਰਿਆਂ ਨੂੰ

ਕੌਣ ਸੰਭਾਲੂ ਇਹਨਾਂ ਹੀਰਿਆਂ ਨੂੰ



ਸਾਰੀ ਉਮਰ ਕਬੱਡੀ ਦੇ ਲੇਖੇ ਲਾਉਣ ਵਾਲਾ ਅੱਜ ਵੀ ਕਬੱਡੀ ਖੇਡ ਕੇ ਤੇ ਟੂਰਨਾਂਮੈਂਟ ਤੇ ਰੈਫਰੀ ਕਰਕੇ ਘਰ ਦਾ ਖਰਚਾ ਤੋਰਦਾ ਕਬੱਡੀ ਦਾ ਸਟਾਰ ਜੀਤਾ ਖੋਸਿਆ ਵਾਲਾ

ਬੇਸ਼ੱਕ ਅੱਜ ਸਾਡੀ ਮਾਂ ਖੇਡ ਕਬੱਡੀ ਦੀ ਤਰੱਕੀ ਲਈ ਕਰੋੜਾਂ ਦਾ ਖਰਚਾ ਕੀਤਾ ਜਾਂਦਾ ਹੈ। ਨਵੇਂ ਖਿਡਾਰੀਆਂ ਨੂੰ ਮਹਿੰਗੀਆਂ ਗੱਡੀਆਂ, ਮੋਟਰ ਸਾਇਕਲ ਦਿੱਤੇ ਜਾਂਦੇ ਹਨ। ਹਰ ਸਾਲ ਵਿਦੇਸ਼ੀ ਧਰਤੀ 'ਤੇ ਸੱਦ ਕੇ ਖਿਡਾਰੀਆਂ ਦੇ ਮਾਨ ਸਨਮਾਨ ਕੀਤੇ ਜਾਂਦੇ ਹਨ। ਪਰ ਉਹ ਵਿਰਲੇ ਹੀ ਮਾਵਾਂ ਦੇ ਪੁੱਤ ਹੁੰਦੇ ਹਨ ਜੋ ਪੁਰਾਣੇ ਖਿਡਾਰੀਆਂ ਦੀ ਮਦਦ ਕਰਦੇ ਹਨ। ਪੁਰਾਣੇ ਖਿਡਾਰੀ ਜਿੰਹਨਾਂ ਨੇ ਕਬੱਡੀ ਨੂੰ ਜਿਉਂਦੇ ਰੱਖਿਆ ਸੱਟਾਂ-ਫੇਟਾਂ ਖਾ ਕੇ.. .. ਪਰ ਇਨਾਮਾਂ ਵਿੱਚ ਵਿਚਾਰਿਆਂ ਨੂੰ ਇੱਕ ਸੀਲਡ ਹੀ ਮਿਲੀ। ਜਦੋਂ ਅੱਜ ਦੇ ਖਿਡਾਰੀਆਂ ਵੱਲ ਵੇਖਦੇ ਹਨ ਤਾਂ ਚਿੱਤ ਨੂੰ ਝੋਰਾ ਖਾ ਜਾਂਦਾ ਹੈ। ਇਹ ਨਹੀਂ ਕਿ ਨਵੇਂ ਖਿਡਾਰੀਆਂ ਨੂੰ ਮਾਨ ਸਨਮਾਨ ਨਾ ਦਿਉ.. .. ਪਰ ਪੁਰਾਣੇ ਖਿਡਾਰੀਆਂ ਦੀ ਵੀ ਜ਼ਰੂਰ ਮਦਦ ਕਰੋ। ਅੱਜ ਦੇ ਕਾਲਮ ਵਿੱਚ ਗੱਲ ਕਰਦੇ ਆ ਕਬੱਡੀ ਦੇ ਥੰਮ ਜਾਣੇ ਜਾਂਦੇ ਜਿਸ ਨੇ ਸਾਰੀ ਉਮਰ ਹੀ ਕਬੱਡੀ ਦੇ ਲੇਖੇ ਲਾ ਦਿੱਤੀ। ਨਿੱਕੇ ਹੁੰਦੇ ਨੇ ਸ਼ੁਰੂ ਕੀਤੀ ਸੀ ਕਬੱਡੀ ਖੇਡਣੀ ਤੇ ਅੱਜ 40 ਸਾਲਾ ਗੱਬਰੂਆਂ ਦੀ ਟੀਮ ਵਿੱਚ ਗਰਾਂਊਂਡਾਂ ਵਿੱਚ ਧੂੜਾ ਪੁੱਟਦਾ ਨਜ਼ਰ ਆਉਂਦਾ ਹੈ। ਗੱਲ ਕਰਦੇ ਆ ਕਬੱਡੀ ਦੇ ਅਨਮੋਲ ਹੀਰੇ ਜੀਤਾ ਖੋਸਿਆ ਵਾਲਾ ਦੀ .. .. ਜਿਸਨੇ ਕਬੱਡੀ ਦੇ ਖੇਤਰ ਵਿੱਚ ਬਹੁਤ ਨਾਮਣਾ ਖੱਟਿਆ ਪਰ ਨਾਵਾਂ ਨਹੀਂ। ਕਈ ਵਾਰ ਉਹ ਬੈਠਾ-ਬੈਠਾ ਆਪ- ਮੁਹਾਰੇ ਹੀ ਬੋਲ ਪੈਂਦਾ.. .. ''ਕੀ ਖੱਟਿਆ ਯਾਰ ਕਬੱਡੀ ਚੋਂ'' ਆ ਕਮਰਾ ਪਿਆ ਸੀਲਡਾਂ ਨਾਲ ਭਰਿਆ। ਇਹਨਾਂ ਨਾਲ ਤਾਂ ਜਵਾਕ ਨੀ ਪਲਦੇ। ਕੋਈ ਨੀ ਪੁੱਛਦਾ ਇੱਥੇ ਮਾੜੇ ਨੂੰ.. ..। ਜੀਤੇ ਦਾ ਜਨਮ ਪਿੰਡ ਪੱਖਰ ਵੱਡ ਜ਼ਿਲ੍ਹਾ ਮੋਗਾ ਵਿੱਚ ਪਿਤਾ ਸ੍ਰ: ਗੁਰਦੇਵ ਸਿੰਘ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਜਦੋਂ ਉਹ ਤੀਸਰੀ ਕਲਾਸ ਵਿੱਚ ਪੜਦਾ ਸੀ ਤਾਂ ਉਸਦੇ ਪਿਤਾ ਦੀ ਮੌਤ ਹੋ ਗਈ। ਜਦੋਂ ਥੋੜੀ ਸੁਰਤ ਆਈ ਤਾਂ ਉਹ ਮਜ਼ਦੂਰੀ ਕਰਨ ਲੱਗ ਪਿਆ। ਦੋ ਭੈਣਾ, ਚਾਰ ਭਰਾ ਸਾਰੇ ਟੱਬਰ ਦਾ ਢਿੱਡ ਜੀਤਾ ਮਜ਼ਦੂਰੀ ਕਰਕੇ ਭਰਦਾ ਸੀ। ਉਹ ਕਹਿੰਦਾ ਹੈ ਕਿ ਫਿਕਰਾਂ ਤੇ ਗਰੀਬੀ ਨੇ ਮੇਰਾ ਸਾਰੀ ਉਮਰ ਸਾਥ ਨਹੀਂ ਛੱਡਿਆ। ਪਿਉ ਦੀ ਮੌਤ ਮਗਰੋਂ ਉਸਦਾ ਟੱਬਰ ਮੋਗਾ ਨੇੜਲੇ ਪਿੰਡ ਖੋਸਾ ਪਾਂਡੋ ਆ ਗਿਆ। ਪੜ•ਨ ਦੀ ਬਜਾਏ ਉਹ ਲੋਕਾਂ ਦੇ ਘਰੀ ਕੰਮ ਕਰਨ ਲੱਗ ਪਿਆ। ਕਿਸੇ ਦੇ ਪਸ਼ੂ ਚਾਰਨੇ ਤੇ ਕਿਸੇ ਦੀ ਕਣਕ ਵੱਢਣੀ ਪਾਪੀ ਪੇਟ ਦਾ ਸਵਾਲ ਹੱਲ ਕਰਨ ਲੱਗ ਪਿਆ।

ਪਿੰਡ ਵਿੱਚ ਜਿਹਦੇ ਘਰ ਉਹ ਕੰਮ ਕਰਦਾ ਸੀ ਉਹਨਾਂ ਦਾ ਮੁੰਡਾ ਜੀਵਨ ਸਿੰਘ ਕਬੱਡੀ ਖੇਡਦਾ ਸੀ। ਉਸ ਨੂੰ ਵੇਖ ਕੇ ਜੀਤੇ ਨੂੰ ਵੀ ਕਬੱਡੀ ਖੇਡਣ ਦਾ ਸ਼ੌਕ ਜਾਗ ਪਿਆ। ਨਵੀਂ ਉਮਰ ਸੀ। ਉਹ ਨਾਲੇ ਦਿਹਾੜੀ ਕਰਦਾ ਸੀ, ਨਾਲੇ ਕਬੱਡੀ ਖੇਡਣ ਲੱਗ ਪਿਆ। ਕਈ ਵਾਰ ਪਿੰਡ ਦੀ ਟੀਮ ਵਿੱਚ ਉਹ ਦੂਰ ਮੈਚ ਖੇਡਣ ਚਲਾ ਜਾਂਦਾ। ਘਰ ਦੇ ਭੁੱਖਣ ਭਾਣੇ ਬੈਠੇ ਰਹਿੰਦੇ.. ਪਰ ਜੀਤੇ ਨੂੰ ਕਬੱਡੀ ਨਾਲ ਇਸ਼ਕ ਹੋ ਗਿਆ । 1980 ਵਿੱਚ ਉਹ ਪਿੰਡ ਦੀ ਕਬੱਡੀ ਟੀਮ ਵਿੱਚ 62 ਕਿਲੋ ਭਾਰ ਦੀ ਟੀਮ 'ਚ ਖੇਡਣ ਲੱਗ ਪਿਆ। ਅਣਥੱਕ ਮਿਹਨਤ ਨੇ ਜੀਤੇ ਨੂੰ ਨਿਖਾਰ ਦਿੱਤਾ। ਉਹ ਟੂਰਨਾਂਮੈਂਟ 'ਚ ਇਕੱਲਾ ਹੀ ਰੇਡਾਂ ਪਾਉਂਦਾ, .. ਫਿਰ ਜਾਫ਼ ਵਿੱਚ ਆ ਖੜ•ਦਾ। ਜਿੱਥੇ ਵੀ ਜਾਂਦਾ ਜੀਤਾ-ਜੀਤਾ ਹੋਣ ਲੱਗ ਪਈ.. .. ਦੂਰ-ਦੂਰ ਤੱਕ ਉਸਦਾ ਨਾਂਅ ਗੂਜਣ ਲੱਗ ਪਿਆ। ਜਦੋਂ ਉਹ ਟੂਰਨਾਂਮੈਂਟ ਵਿੱਚ ਹੁੰਦਾ ਤਾਂ ਉੱਡਿਆ ਫਿਰਦਾ ਜਦੋਂ ਘਰੇ ਆ ਜਾਂਦਾ ਸਿਰ 'ਤੇ ਫਿਕਰ ਸਵਾਰ ਹੋ ਜਾਂਦੇ ਸਨ। ਸੰਨ 87 ਵਿੱਚ ਰਾਏਕੋਟ ਦੇ ਖੇਡ ਮੇਲੇ 'ਤੇ 12 ਮੈਚ ਖੇਡੇ.. .. ਸਾਰੇ ਹੀ ਟੂਰਨਾਂਮੈਂਟ ਵਿੱਚ ਇਕੱਲੇ ਨੇ ਹੀ ਕਬੱਡੀਆਂ ਪਾਈਆਂ। ਵਧੀਆ ਖਿਡਾਰੀ ਵਜੋਂ ਉਸ ਨੂੰ ਇਨਾਮ ਇੱਕ ਜੱਗ ਤੇ ਗਲਾਸ ਮਿਲਿਆ ਸੀ। ਜੀਤਾ ਦੱਸਦਾ ਹੈ ਕਿ ਨੋਸਿਹਰਾ ਪੰਨੂਆਂ ਦੇ ਖੇਡ ਮੇਲੇ 'ਤੇ 6 ਟੀਮਾਂ ਦੇ ਲੀਕ ਮੈਚ ਸਨ ਜਿਹੜੇ 30 ਮੈਚ ਬਣਦੇ ਸਨ.. .. ਉਹ ਟੂਰਨਾਮੈਂਟ ਵੀ ਖੋਸਿਆ ਦੀ ਟੀਮ ਨੇ ਜਿੱਤਿਆ। ਗਰਾਂਊਂਡ ਪੱਕੀ ਸੀ.. .. ਉਹਨਾਂ ਦੇ ਪੈਰ ਉੱਠ ਖੜ੍ਹੇ ਤੇ ਕਈ ਦਿਨ ਜੁੱਤੀਆਂ ਪੈਰ ਨਹੀਂ ਸਨ ਪਈਆਂ। 88 ਵਿੱਚ ਲੰਬੀ ਦੀ ਟੀਮ ਵੱਲੋਂ ਖੇਡਿਆ। ਰਾਜੇਆਣਾ ਟੂਰਨਾਂਮੈਂਟ 'ਤੇ ਜੀਤਾ ਬਿਸਟ ਰੇਡ ਤੇ ਕਾਲਾ ਗਾਜੀਆਣਾ ਬਿਸਟ ਸਟਾਪਰ ਸੀ। 86-87 ਵਿੱਚ ਉਹ ਗੁਰੂ ਨਾਨਕ ਕਾਲਜ ਵੱਲੋਂ ਸਟਾਰ ਖਿਡਾਰੀ ਵਜੋਂ ਚਮਕਿਆ ਸੀ। 89 ਵਿੱਚ ਉਹ ਸਿਰੀਏਵਾਲਾ ਦੇ ਕਬੱਡੀ ਟੂਰਨਾਂਮੈਂਟ 'ਤੇ ਉਹ ਫਰੀਦਕੋਟ ਜ਼ਿਲ੍ਹੇ ਵੱਲੋਂ ਖੇਡਿਆ ਸੀ ਤੇ ਹਰਜੀਤ ਬਰਾੜ ਬਾਜਾਖਾਨਾ ਬਠਿੰਡੇ ਦੀ ਟੀਮ ਵੱਲੋਂ ਖੇਡਿਆ ਸੀ। ਬੇਸ਼ੱਕ ਹਰਜੀਤ ਦੀ ਟੀਮ ਜਿੱਤ ਗਈ ਸੀ ਪਰ ਹਰਜੀਤ ਦੇ ਜਾਫ਼ੀਆਂ ਤੋਂ ਜੀਤਾ ਲੋਟ ਨੀ ਆਇਆ। ਜਦੋਂ ਉਹ ਪੁਆਂਇੰਟ ਲੈ ਕੇ ਥਾਫੀ ਮਾਰਦਾ ਲੋਕ ਅਸ਼..ਅਸ਼.. ਕਰ ਉੱਠਦੇ। 90 ਵਿੱਚ ਪਿੰਡ ਚੜਿੱਕ ਦੇ ਟੂਰਨਾਂਮੈਂਟ 'ਤੇ ਹਰਜੀਤ ਆਪਣੇ ਪਿੰਡ ਬਾਜੇਖਾਨੇ ਵੱਲੋਂ ਖੇਡਿਆ ਤੇ ਜੀਤਾ ਖੋਸਿਆ ਵੱਲੋਂ ਖੇਡਿਆ। ਇੱਥੇ ਵੀ ਜੀਤੇ ਨੂੰ ਕੋਈ ਮਾਈ ਦਾ ਲਾਲ ਨਹੀਂ ਰੋਕ ਸਕਿਆ। ਫਿਰ ਹਰਜੀਤ ਬਰਾੜ ਨੇ ਉਸਨੂੰ ਆਪਣੀ ਟੀਮ ਵਿੱਚ ਭਰਤੀ ਕਰ ਲਿਆ। ਇਨ•ਾਂ ਦੀ ਟੀਮ ਨੇ ਪਿੰਡ ਬੁੱਟਰ ਦਾ ਟੂਰਨਾਂਮੈਂਟ ਲਗਾਤਾਰ 3 ਸਾਲ ਜਿੱਤਿਆ। ਜਨੇਰ ਦੇ ਕਬੱਡੀ ਕੱਪ 'ਤੇ 7 ਸਾਲ ਜੀਤੇ ਨੇ ਕਿਸੇ ਨੂੰ ਜਿੱਤਣ ਨਹੀਂ ਦਿੱਤਾ, ਲਗਾਤਾਰ 7 ਸਾਲ ਜਨੇਰ ਦਾ ਟੂਰਨਾਂਮੈਂਟ ਜੀਤੇ ਨੇ ਜਿੱਤਿਆ। 93 ਵਿੱਚ ਪਿੰਡ ਇੰਦਗੜ• ਵਿਖੇ 63 ਕਿਲੋ ਭਾਰ ਦੀ ਟੀਮ ਵਿੱਚ ਫਾਈਨਲ ਮੈਚ 'ਚ ਕਿੰਦੇ ਬਿਹਾਰੀਪੁਰੀਏ ਨੂੰ 8 ਜੱਫ਼ੇ ਲੱਗੇ ਤੇ ਜੀਤੇ ਨੂੰ 3 ਜੱਫ਼ੇ ਸੀ। ਇਹ ਕੱਪ ਵੀ ਜੀਤੇ ਨੇ ਚੁੰਮਿਆ ਸੀ। ਜੀਤੇ ਨੇ ਅਨੇਕਾਂ ਕੱਪ ਹਰਜੀਤ ਦੀ ਟੀਮ ਵੱਲੋਂ ਖੇਡੇ ਤੇ ਉਹ ਅੱਜ ਬਾਂਹ ਖੜ੍ਹੀ ਕਰਕੇ ਕਹਿੰਦਾ ਹੈ ਕਿ ਕੋਈ ਅਜਿਹਾ ਕਬੱਡੀ ਕੱਪ ਨਹੀਂ ਜੋ ਮੈਂ ਨਾ ਜਿੱਤਿਆ ਹੋਵੇ। ਅੱਜ ਕੱਲ੍ਹ ਜੀਤਾ 40 ਸਾਲਾ ਗੱਭਰੂਆਂ ਦੀ ਟੀਮ 'ਚ ਸ਼ੋਅ ਮੈਚ ਖੇਡਦਾ ਹੈ। ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਅਕੈਡਮੀ ਵੱਲੋਂ ਖੇਡਦਾ ਹੈ ਅਤੇ ਅੱਜ ਵੀ ਜੀਤੇ ਦਾ ਨਾਂਅ ਖੇਡ ਮੇਲਿਆਂ ਵਿੱਚ ਗੂਜਦਾ ਹੈ। ਪਰ ਉਹ ਕਦੇ-ਕਦੇ ਮਾੜੀ ਕਿਸਮਤ 'ਤੇ ਰੋਂਦਾ ਵੀ ਹੈ.. .. ਐਨਾ ਨਾਮਣਾ ਖੱਟਣ ਦੇ ਬਾਵਜੂਦ ਵੀ ਘੋਰ ਗਰੀਬੀ ਨੇ ਉਸ ਦਾ ਸਾਥ ਨਹੀਂ ਛੱਡਿਆ। ਇੱਕ ਦਿਨ ਮੈਨੂੰ ਪ੍ਰਸਿੱਧ ਕਬੱਡੀ ਖਿਡਾਰੀ ਕਾਲਾ ਗਾਜੀਆਣਾ ਨੇ ਫੋਨ 'ਤੇ ਦੱਸਿਆ ਕਿ ਯਾਰ ਜੀਤੇ ਬਾਰੇ ਲਿਖ …… .. ..। ਉਸ ਦੇ ਬੱਚੇ ਵੱਡੇ ਹੋ ਰਹੇ ਆ.. ਕੋਈ ਉਸਦੀ ਮਦਦ ਕਰੇ। ਵਿਚਾਰੇ ਨੇ ਸਾਰੀ ਉਮਰ ਹੀ ਕਬੱਡੀ ਖੇਡਦੇ ਨੇ ਲਗਾ ਦਿੱਤੀ ਯਾਰ। ਅੱਜ ਵੀ ਖੇਡਦਾ ਹੈ। ਸ਼ਾਇਦ ਅੱਜ ਇਸ ਲਈ ਖੇਡਦਾ ਹੈ ਕਿ ਜਿਹੜੇ ਇਨਾਮ ਮਿਲਣਗੇ ਉਹ ਉਹਨਾਂ ਦਾ ਆਟਾ ਲੈ ਆਉਗਾ ਨਹੀਂ ਤਾਂ ਐਨੀ ਉਮਰ ਵਿੱਚ ਕੀਹਦਾ ਜੀ ਕਰਦਾ ਸੱਟਾਂ ਫੇਟਾਂ ਖਾਣ ਨੂੰ। ਮੈਂ ਜੀਤੇ ਦੇ ਘਰ ਗਿਆ। ਮੈਂ ਨਾਂਅ ਤਾਂ ਉਸ ਦਾ ਬਹੁਤ ਸੁਣਿਆ ਸੀ ਉਸ ਦੇ ਮੈਚ ਵੀ ਵੇਖੇ ਸਨ ਪਰ ਮੁਨੂੰ ਉਸਦੇ ਘਰ ਦੇ ਹਲਾਤ ਬਾਰੇ ਨਹੀਂ ਸੀ ਪਤਾ। ਦੋ ਕਮਰੇ, ਇੱਕ ਸਾਰਾ ਕਮਰਾ ਸੀਲਡਾਂ ਸਨਮਾਨ ਪੱਤਰਾਂ ਨਾਲ ਭਰਿਆ ਪਿਆ। ਦੂਸਰੇ ਵਿੱਚ ਦੋ ਵਾਣ ਦੇ ਮੰਜੇ, ਇੱਕ ਪੇਟੀ ਪਈ ਆ, ਇਹ ਆ ਉਸਦੀ ਪ੍ਰਾਪਰਟੀ। ਉਹ ਮੈਨੂੰ ਆਪਣੇ ਬਾਰੇ ਦੱਸਦਾ-ਦੱਸਦਾ ਰੋ ਪਿਆ.. ਦੋ ਕਮਰੇ ਵੀ ਲੋਕਾਂ ਦੀ ਮਦਦ ਨਾਲ ਪਏ ਹਨ। ਕਿਸੇ ਨੇ ਸੀਮਿੰਟ ਦਿੱਤਾ, ਕਿਸੇ ਨੇ ਬਾਲੇ। ਭੋਲਾ ਚੜਿੱਕ ਡਿਮਰਾ ਨੇ ਸੀਲਡਾਂ ਸਾਂਭ ਕੇ ਰੱਖਣ ਲਈ ਸੋਕੇਸ਼ ਬਣਾ ਕੇ ਦਿੱਤਾ। ਪਿੰਡ ਧੱਲੇਕੇ ਦੇ ਟੂਰਨਾਂਮੈਂਟ 'ਤੇ ਕੇਵਲ ਬੂਈਆਂ ਵਾਲਾ, ਵਾਹਿਗੁਰੂ ਪਾਲ ਸਿੰਘ ਔਲਖ, ਹਰਦੇਵ ਜੌਹਲ, ਜੋਗਿੰਦਰ ਸਿੰਘ ਨੇ 2001 ਵਿੱਚ 25 ਹਜ਼ਾਰ ਨਾਲ ਜੀਤੇ ਨੂੰ ਸਨਮਾਨਿਤ ਕੀਤਾ। ਪਿੰਡ ਲੰਢੇਕੇ ਦੀ ਧਰਤੀ 'ਤੇ ਹੁੰਦੇ ਕਬੱਡੀ ਕੱਪ 'ਤੇ ਰਵਿੰਦਰ ਸਿੰਘ ਫਤਿਹਗੜ• ਨੇ 5100 ਨਾਲ ਸਨਮਾਨਿਤ ਕੀਤਾ। ਉੱਘੇ ਸਮਾਜ ਸੇਵੀ ਤੇ ਧਾਰਮਿਕ ਸਖਸ਼ੀਅਤ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣੇ ਵਾਲਿਆਂ ਨੇ ਜੀਤੇ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਮੋਟਰ ਸਾਇਕਲ ਦੇ ਕੇ ਸਨਮਾਨਿਤ ਕੀਤਾ। ਇਹ ਹੀ ਜੀਤੇ ਦੀ ਸਾਰੀ ਉਮਰ ਦੀ ਕਮਾਈ ਹੈ। ਪ੍ਰਦੇਸ਼ੀ ਵੀਰੋ ਜਿਸਨੇ ਸਾਰੀ ਉਮਰ ਕਬੱਡੀ ਦੇ ਲੇਖੇ ਲਾ ਦਿੱਤੀ, ਅੱਜ ਉਹ ਟੂਰਨਾਂਮੈਂਟਾਂ 'ਤੇ ਰੈਫ਼ਰੀ ਵੀ ਕਰਦਾ ਹੈ ਅਤੇ ਖੇਡਦਾ ਵੀ ਹੈ ਘਰ ਦਾ ਗੁਜਾਰਾ ਤੋਰਨ ਲਈ। ਕੀ ਤੁਸੀਂ ਉਸਨੂੰ ਅੱਜ ਭੁੱਖਾ ਮਰਦਾ ਦੇਖ ਸਕਦੇ ਹੋ? ਹਰ ਸਾਲ ਕਬੱਡੀ ਦੇ ਸੀਜਨ ਵਿੱਚ ਕਰੋੜਾਂ ਰੁਪਏ ਤੁਸੀਂ ਐਡਵੋਟੈਚਮੈਂਟ (ਐਡ) 'ਤੇ ਖਰਚ ਕਰਦੇ ਹੋ.. ਕੀ ਇਸ ਅਨਮੋਲ ਹੀਰੇ ਦੀ ਮਦਦ ਨਹੀਂ ਕਰ ਸਕਦੇ। ਕੌਣ ਸਾਂਭੂਗਾ ਕੌਣ ਕਦਰ ਕਰੋਗਾ ਅਜਿਹੇ ਅਨਮੋਲ ਹੀਰਿਆਂ ਦੀ ਜਿਹੜੇ ਖੇਡ ਮੈਦਾਨਾਂ ਵਿੱਚ ਲੱਖਾਂ ਕਰੋੜਾਂ ਦੇ ਹਨ ਤੇ ਉਹ ਘਰ ਜਾਂਦੇ ਹਨ ਕੱਖਾਂ ਦੇ ਬਣ ਜਾਂਦੇ ਹਨ। ਲੋਕਾਂ ਦੇ ਘਰ ਗੋਹਾ ਕੂੜਾ ਕਰਦੇ ਨੇ ਕਬੱਡੀ ਦਾ ਸ਼ੌਕ ਪਾ ਲਿਆ। ਰੱਜ ਕੇ ਖੇਡਿਆ ਕਹਿੰਦੇ ਕਹਾਉਂਦੇ ਜਾਫ਼ੀ ਦੀ ਇੱਕ ਨਾ ਚੱਲਣ ਦਿੱਤੀ। ਅੱਜ ਵੀ 40 ਸਾਲਾ ਗੱਭਰੂਆਂ ਦੀ ਟੀਮ ਦਾ ਹੀਰਾ ਗਿਣਿਆ ਜਾਂਦਾ ਹੈ ਜੀਤਾ ਖੋਸਿਆ ਵਾਲਾ ਅਤੇ ਇਨ•ਾਂ ਲੰਬਾ ਸਮਾਂ ਕਬੱਡੀ ਦੇ ਲੇਖੇ ਲਾਉਣ ਵਾਲਾ ਜਦੋਂ ਸਾਰੀ ਉਮਰ ਦੀ ਕਮਾਈ ਵੱਲ ਦੇਖਦਾ ਹੈ ਤਾਂ ਝੋਰਾ ਖਾ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਬੂੰਦ-ਬੂੰਦ ਨਾਲ ਸਮੁੰਦਰ ਭਰ ਜਾਂਦਾ ਹੈ ਤੇ ਸਿਆਣੇ ਇਹ ਵੀ ਕਹਿੰਦੇ ਹਨ ਕਿ ਸਮੁੰਦਰ ਚੋਂ ਚੂਲੀ ਭਰਨ ਨਾਲ ਸਮੁੰਦਰ ਉਣਾ ਨਹੀਂ ਹੁੰਦਾ। ਕਿੰਨੀ ਉਸ ਪਰਿਵਾਰ ਨੂੰ ਖੁਸ਼ੀ ਹੋਵੇਗੀ ਜਦੋਂ ਤੁਸੀਂ ਉਸ ਦੀ ਮਦਦ ਕਰੋਗੇ। ਟੂਰਨਾਂਮੈਂਟ 'ਤੇ ਰੈਫ਼ਰੀ ਕਰਕੇ ਜਾਂ 40 ਸਾਲਾ ਦੀ ਟੀਮ ਵਿੱਚ ਖੇਡ ਕੇ ਘਰ ਦਾ ਗੁਜਾਰਾ ਕਰਦਾ ਹੈ ਕਬੱਡੀ ਦਾ ਸਟਾਰ ਜੀਤਾ ਖੋਸਿਆ ਵਾਲਾ। ਪਾਠਕ ਵੀਰੋ ਅਸੀਂ ਜਿੱਥੇ ਕਬੱਡੀ ਦੇ ਅੰਤਰ ਰਾਸ਼ਟਰੀ ਖਿਡਾਰੀਆਂ ਦੇ ਜੀਵਨ 'ਤੇ ਚਾਨਣਾ ਪਾਉਂਦਾ ਹਾਂ ਉੱਥੇ ਸਾਡੇ ਹਮਦਰਦ ਅਖ਼ਬਾਰ ਦੀ ਉੱਚੀ ਸੋਚ ਹੈ ਕਿ ਗਰੀਬੀ ਦੇ ਹਨੇਰੇ ਦਾ ਜਿਉਂਦੇ ਅਨਮੋਲ ਹੀਰਿਆਂ ਬਾਰੇ ਵੀ ਲਿਖੀਏ। ਪੁਰਾਣੇ ਖਿਡਾਰੀ ਬਿੱਲੂ ਰਾਜੇਆਣੀਏ ਬਾਰੇ ਅਸੀਂ ਲਿਖਿਆ.. ਤੁਸੀਂ ਉਸਦੀ ਦਿਲ ਖੋਲ ਕੇ ਮਦਦ ਕੀਤੀ.. .. .. 4 ਲੱਖ ਦੇ ਕਰੀਬ ਰੁਪਏ ਉਸਦੀ ਝੋਲੀ ਪਾਏ.. ਫਿਰ ਭਾਰਤ ਦੀ ਟੀਮ ਵਿੱਚ ਫੁੱਟਬਾਲ ਖੇਡਣ ਵਾਲੀ ਜਗਦੀਪ ਕੌਰ ਬਾਰੇ ਲਿਖਿਆ ਜੋ ਦੋ ਵੇਲੇ ਦੀ ਰੋਟੀ ਨੂੰ ਤਰਸਦੀ ਸੀ, ਉਸ ਨੂੰ ਘਰ ਪਾ ਕੇ ਦਿੱਤਾ ਤੇ 6-7 ਲੱਖ ਰੁਪਏ ਉਸਦੀ ਝੋਲੀ ਪਾਏ। ਅਸੀਂ ਦਿਲੋਂ ਤੁਹਾਡੇ ਸ਼ੁਕਰ ਗੁਜਾਰ ਹਾਂ ਅੱਜ ਅਸੀਂ ਪ੍ਰਸਿੱਧ ਖਿਡਾਰੀ ਜੀਤਾ ਖੋਸਿਆ ਵਾਲਾ ਦੀ ਜੀਵਨੀ 'ਤੇ ਚਾਨਣਾ ਪਾਇਆ । ਆਉ ਇਹਨਾਂ ਹੀਰਿਆਂ ਨੂੰ ਸਾਂਭੀਏ.. .. ਫੈਸਲਾ ਪਾਠਕ ਵੀਰੋ ਆਪ ਦੇ ਹੱਥ ਹੈ ।



ਲੇਖਕ : ਜਗਦੇਵ ਬਰਾੜ

No comments:

Post a Comment